ਮਾਨਸਾ,12ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):ਪਿਛਲੇ ਦਿਨੀਂ ਮਾਨਸਾ ਵਿਖੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮਾਨਸਾ ਵਿਖੇ ਹੋਈ ਰੈਲੀ ਵਿੱਚ ਨੌਕਰੀ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਉੱਪਰ ਸੀਐਮ ਸਕਿਓਰਟੀ ਦੇ ਡੀਐਸਪੀ ਗੁਰਮੀਤ ਸਿੰਘ ਵੱਲੋ ਕੀਤੇ ਗਏ ਅਣਮਨੁੱਖੀ ਤਸ਼ੱਦਦ ਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਮਾਨਸਾ ਸਿੱਧੀ ਕਾਰਵਾਈ ਦੀ ਮੰਗ ਕੀਤੀ ਹੈ ।
ਇਸ ਬਾਰੇ ਪ੍ਰੈਸ ਬਿਆਨ ਜ਼ਾਰੀ ਕਰਦਿਆ ਡੀਟੀਐਫ ਦੇ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਮੰਗ ਕੀਤੀ ਕਿ ਉਕਤ ਡੀਐਸਪੀ ਨੂੰ ਤੁਰੰਤ ਬਰਖਾਸਤ ਕਰਕੇ ਮੁੱਖ ਮੰਤਰੀ ਮਾਫੀ ਮੰਗੇ। ਡੀਟੀਐਫ ਦੇ ਜਿਲਾ ਸਕੱਤਰ ਹਰਜਿੰਦਰ ਅਨੂਪਗੜ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਚ ਜਾਂਚ-ਜਾਂਚ ਖੇਡਣਾ ਬੰਦ ਕਰੇ ਕਿਉਕਿ ਸੋਸ਼ਲ ਮੀਡੀਆ ਅਤੇ ਮੀਡੀਆ ਚ ਤਸ਼ੱਦਦ ਦੀਆਂ ਤਸਵੀਰਾਂ ਸਭ ਕੁੱਝ ਸਾਫ ਕਰ ਰਹੀਆਂ ਹਨ। ਡੀਟੀਐਫ ਦੀ ਸੀਨੀਅਰ ਆਗੂ ਗੁਰਤੇਜ ਉੱਭਾ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਉਕਤ ਬੁੱਚੜ ਡੀਐਸਪੀ ਜਦ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਛੱਲੀਆਂ ਵਾਂਗ ਕੁੱਟ ਰਿਹਾ ਸੀ ਤਾਂ ਮੁੱਖ ਮੰਤਰੀ ਚੰਨੀ ਸਭ ਕੁਝ ਦੇਖ ਰਹੇ ਸਨ ਅਤੇ ਮੰਤਰੀ ਰਾਜਾ ਵੜਿੰਗ ਲੋਕਾਂ ਨੂੰ ਸ਼ੇਅਰ ਸੁਣਾ ਕੇ ਬੈਠਣ ਲਈ ਕਹਿ ਰਹੇ ਸਨ। ਰਿਟਾਇਰਡ ਡੀਟੀਐਫ ਆਗੂ ਕਰਨੈਲ ਬੁਰਜ਼ਹਰੀ ਨੇ ਕਿਹਾ ਕਿ ਪਿਛਲੇ ਪੰਜ ਸਾਲ ਤੋ ਦਰ-ਦਰ ਭਟਕਦੇ ਨੌਜਵਾਨ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇਕੇ ਸਕੂਲਾਂ ਚ ਜੁਆਇਨ ਕਰਵਾਇਆ ਜਾਵੇ।
ਆਗੂਆਂ ਨੇ ਦੱਸਿਆ ਕਿ ਉਕਤ ਮਾਮਲੇ ਚ ਵੱਡਾ ਐਕਸ਼ਨ ਉਲੀਕਣ ਲਈ ਕੱਲ ਮਾਨਸਾ ਦੀਆਂ ਸਮੂਹ ਕਿਸਾਨ, ਮਜ਼ਦੂਰ, ਅਧਿਆਪਕ,ਵਿਦਿਆਰਥੀ ਜਥੇਬੰਦੀਆਂ ਨੇ ਮੀਟਿੰਗ ਬੁਲਾ ਲਈ ਹੈ। ਜਿਸ ਵਿੱਚ ਸਰਕਾਰ ਖਿਲਾਫ ਵੱਡਾ ਐਕਸ਼ਨ ਉਲੀਕਿਆ ਜਾਵੇਗਾ।
ਇਸ ਮੌਕੇ ਕੁਲਦੀਪ ਅੱਕਾਂਵਾਲੀ, ਬਲਜਿੰਦਰ ਅਕਲੀਆ, ਨਵਜੋਸ਼ ਸਪੋਲੀਆ, ਸ਼ਿੰਗਾਰਾ ਿਸੰਘ, ਗੋਬਿੰਦ ਮਿੱਤਲ,ਗੁਰਪ੍ਰੀਤ ਭੀਖੀ ਆਦਿ ਸ਼ਾਮਿਲ ਸਨ।