ਬੋਹਾ, 7 ਅਪ੍ਰੈਲ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ )-ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਗਰੂਰ ਵਿਖੇ ਬੇਰੁਜ਼ਗਾਰ ਸਾਂਝੇ ਮੋਰਚੇ(ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ,ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ,ਬੇਰੁਜ਼ਗਾਰ ਡੀ ਪੀ ਈ 873 ਅਧਿਆਪਕ ਯੂਨੀਅਨ,ਬੇਰੁਜ਼ਗਾਰ 646 ਪੀ ਟੀ ਆਈ ਅਧਿਆਪਕ ਯੂਨੀਅਨ ਅਤੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ) ਦਾ ਚੱਲ ਰਹੇ ਪੱਕੇ ਮੋਰਚੇ ਨੂੰ 98 ਦਿਨ ਹੋ ਚੁੱਕੇ ਹਨ। ਮੋਰਚੇ ਦੇ ਫੈਸਲੇ ਅਨੁਸਾਰ ਮੁੱਖ ਮੰਤਰੀ ਪੰਜਾਬ ਨੂੰ ਘਰ ਘਰ ਨੌਕਰੀ ਦੇ ਵਾਅਦੇ ਚੇਤੇ ਕਰਵਾਉਣ ਲਈ 11 ਅਪ੍ਰੈਲ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਸੇ ਦੀਆਂ ਤਿਆਰੀਆਂ ਸਬੰਧੀ ਇਕ ਅਹਿਮ ਮੀਟਿੰਗ ਮੋਰਚੇ ਦੇ ਆਗੂ ਬਲਕਾਰ ਸਿੰਘ ਮਘਾਣੀਆ ਦੀ ਅਗਵਾਈ ਵਿੱਚ ਨਵੀਨ ਗੁਰਦੁਆਰਾ ਸਾਹਿਬ ਬੋਹਾ ਵਿਖੇ ਹੋਈ। ਇਸ ਮੌਕੇ ਓਹਨਾਂ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਦੇ ਦੋ ਕਰੋੜ ਨੌਕਰੀਆਂ ਸਾਲਾਨਾ ਵਾਂਗ ਪੰਜਾਬ ਸਰਕਾਰ ਵੀ “ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ “ਤੋਂ ਮੁੱਕਰ ਚੁੱਕੀ ਹੈ।ਸੂਬਾ ਸਰਕਾਰ ਕਰੋਨਾ ਦੀ ਆੜ੍ਹ ਵਿੱਚ ਸਿਹਤ ਅਤੇ ਸਿੱਖਿਆ ਸਮੇਤ ਸਾਰੇ ਵਿਭਾਗਾਂ ਵਿਚੋਂ ਅਸਾਮੀਆਂ ਖਤਮ ਕਰਕੇ ਨਿੱਜੀਕਰਨ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਅਸਲ ਵਿੱਚ ਮੋਦੀ ਅਤੇ ਕਾਂਗਰਸ ਸਰਕਾਰ ਸਮੇਤ ਮੰਤਰੀ ਹੀ ਅਸਲੀ ਕਰੋਨਾ ਹਨ ਜਿਹੜੇ ਲੋਕਾਂ ਅਤੇ ਬੇਰੁਜ਼ਗਾਰਾਂ ਦਾ ਸ਼ੋਸ਼ਣ ਕਰ ਰਹੇ ਹਨ। ਓਹਨਾਂ ਕਿਹਾ ਕਿ ਕਰੋਨਾ ਦੀ ਆੜ੍ਹ ਵਿੱਚ ਆਨਲਾਈਨ ਸਿੱਖਿਆ ਨੂੰ ਉਭਾਰ ਕੇ ਅਸਾਮੀਆਂ ਖਤਮ ਕਰਨ ਦਾ ਰਸਤਾ ਖੋਲਿਆ ਜਾ ਰਿਹਾ ਹੈ। ਇਸ ਮੌਕੇ ਬਲਾਕ ਆਗੂ ਮਨਪ੍ਰੀਤ ਬੋਹਾ ਨੇ ਕਿਹਾ ਕਿ ਲੰਮੇਂ ਸੰਘਰਸ਼ ਦੀ ਬਦੌਲਤ ਜੋ ਪੰਜਾਬ ਸਰਕਾਰ ਨੇ ਮਾਸਟਰ ਕਾਡਰ ਦੇ ਮੈਥ, ਸਾਇੰਸ, ਇੰਗਲਿਸ਼ ਵਿਸ਼ਿਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਹੈ, ਸਵਾਗਤ ਹੈ, ਪਰ ਰਹਿੰਦੇ ਵਿਸ਼ਿਆਂ ਪੰਜਾਬੀ, ਸਮਾਜਿਕ ਸਿੱਖਿਆ, ਹਿੰਦੀ ਦਾ ਵੱਡੀ ਗਿਣਤੀ ਵਿੱਚ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ, ਕਿਉਂਕਿ ਪਿਛਲੀ ਭਰਤੀ ਸਮੇਂ ਵੀ ਇਹਨਾਂ ਵਿਸ਼ਿਆਂ ਨਾਲ ਕੋਝਾ ਮਜਾਕ ਕੀਤਾ ਗਿਆ ਹੈ। ਇਸ ਮੌਕੇ ਰੇਖਾ ਰਾਣੀ, ਬਲਜੀਤ ਕੌਰ ਬੋਹਾ, ਸੁਨੀਤਾ ਰਾਣੀ, ਅਮਰੀਕ ਬੋਹਾ, ਸੰਦੀਪ ਗਾਮੀਵਾਲਾ, ਸੋਨੂ ਬੋਹਾ, ਜਗਸੀਰ ਮੰਦਰਾਂ, ਗੁਰਮੀਤ ਗੀਦੜਪੱਤੀ, ਬੀਰਬੱਲ ਮੰਦਰਾਂ ਆਦਿ ਸਾਥੀ ਹਾਜ਼ਰ ਸਨ।