*ਬੇਰੁਜ਼ਗਾਰੀ ਦੇ ਸਤਾਏ ਨੌਜਵਾਨ ਲੈਣ ਲੱਗੇ ਨਸ਼ਿਆਂ ਦਾ ਸਹਾਰਾ*

0
38

ਬੋਹਾ 4 ਅਪ੍ਰੈਲ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਅਜੋਕੇ ਸਮੇਂ ਵਿੱਚ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਸਮੇਂ ਸਮੇਂ ਦੀਆਂ ਸਰਕਾਰਾਂ ਇਸ ਨੂੰ ਨੱਥ ਪਾਉਣ ਲਈ ਵੱਡੇ ਵੱਡੇ ਦਾਅਵੇ ਕਰਦੀਆਂ ਰਹੀਆਂ ਹਨ  ।ਇਸੇ ਤਹਿਤ ਪੰਜਾਬ ਵਿੱਚ ਮੌਜੂਦਾ ਰਾਜ ਕਰ ਰਹੀ ਕੈਪਟਨ ਸਰਕਾਰ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ  ।ਜਿਸ ਉਪਰੰਤ ਪੰਜਾਬ ਦੇ ਲੋਕਾਂ ਵਿੱਚ ਉਮੀਦ ਦੀ ਕਿਰਨ ਜਾਗੀ ਸੀ ਕਿ ਹੁਣ ਪੰਜਾਬ ਬੇਰੁਜ਼ਗਾਰੀ ਤੋਂ ਮੁਕਤ ਹੋ ਜਾਵੇਗਾ  ਪਰ ਹੋਇਆ ਇਸ ਦੇ ਉਲਟ ਪਹਿਲਾਂ ਦੀਆਂ ਸਰਕਾਰਾਂ ਦੀ ਤਰ੍ਹਾਂ ਇਸ ਵਾਰ ਵੀ ਕੈਪਟਨ ਸਰਕਾਰ ਬੇਰੁਜ਼ਗਾਰੀ ਨੂੰ ਨੱਥ ਪਾਉਣ ਵਿੱਚ ਨਾਕਾਮ ਰਹੀ ਅਤੇ ਫੋਕੇ ਰੁਜ਼ਗਾਰ ਮੇਲੇ ਲਾ ਕੇ  ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਚ ਛੋਟੀਆਂ ਮੋਟੀਆਂ ਨੌਕਰੀਆਂ ਦੇਣ ਦਾ ਦਿਖਾਵਾ ਕਰਕੇ ਹੀ ਬੁੱਤਾ ਸਾਰਿਆ ਗਿਆ  ।ਜਿਸ ਕਾਰਨ ਪੜ੍ਹੇ ਲਿਖੇ ਨੌਜਵਾਨ ਵਰਗ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਅਤੇ ਉਹ  ਆਪਣੇ ਸੁਪਨਿਆਂ ਦਾ ਕਤਲ ਹੁੰਦਾ ਅੱਖੀਂ ਦੇਖ ਰਹੇ ਹਨ  ।ਕੈਪਟਨ ਸਰਕਾਰ ਨੂੰ ਪੰਜਾਬ ਦੀ ਸੱਤਾ ਤੇ ਬਿਠਾਉਣ ਵਿਚ ਸਭ ਤੋਂ ਵੱਡਾ ਹੱਥ ਨੌਜਵਾਨ ਵਰਗ ਦਾ ਹੈ ਕਿਉਂਕਿ ਇਸ ਕਾਂਗਰਸ ਪਾਰਟੀ ਨੇ ਨੌਜਵਾਨਾਂ ਨਾਲ ਘਰ ਘਰ ਨੌਕਰੀ ਸਮਾਰਟ ਫੋਨ ਦੇਣ ਵਰਗੇ  ਦਿਲ ਲੁਭਾਵਣੇ ਵਾਅਦੇ ਕੀਤੇ ਸਨ ਜਿਸ ਕਾਰਨ ਵੱਡੀ ਗਿਣਤੀ ਵਿਚ ਨੌਜਵਾਨ ਵਰਗ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਸਰਕਾਰ ਦੇ ਹੱਕ ਵਿੱਚ ਭੁਗਤ ਗਿਆ  ।ਪਰ ਪੰਜਾਬ ਦੀ ਵਾਂਗਡੋਰ ਸੰਭਾਲਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਸਾਥੀ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਵਿਸਾਰ ਕੇ  ਚਾਰ ਸਾਲ ਪਾਰਟੀ ਦੇ ਆਗੂਆਂ ਦੀ ਆਪਸੀ ਖਿੱਚੋਤਾਣ ਅਤੇ ਹੋਰਨਾਂ ਵਿਵਾਦਾਂ ਵਿੱਚ ਹੀ ਘਿਰੇ ਰਹੇ  ।ਜਿਸ ਕਾਰਨ ਘਰ ਘਰ ਨੌਕਰੀ ਦੇਣ ਦਾ ਦਾਅਵਾ ਹਵਾ ਵਿੱਚ ਮਾਰਿਆ   ਤੀਰ ਸਾਬਤ ਹੋਇਆ  ।ਹੁਣ ਆਲਮ ਇਹ ਹੈ ਕਿ ਰੱਜੇ ਪੁੱਜੇ ਅਤੇ ਕੁਝ ਜ਼ਮੀਨ ਜਾਇਦਾਦ ਵਾਲੇ ਨੌਜਵਾਨ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿੱਚ ਜਾਣ ਲਈ  ਕਮਰ ਕਸੇ ਕਰ ਰਹੇ ਹਨ  ਅਤੇ ਵੱਡੀ ਗਿਣਤੀ ਵਿੱਚ ਮੁੰਡੇ ਕੁੜੀਆਂ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਵਰਗੇ ਦੇਸ਼ਾਂ ਵਿਚ ਜਾ ਚੁੱਕੇ ਹਨ ।ਹੁਣ ਬਾਕੀ ਬਚੇ ਹਨ ਉਹ ਨੌਜਵਾਨ ਜਿਨ੍ਹਾਂ ਕੋਲ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਹੈ ਜਿਸ ਨੂੰ ਵੇਚ ਕੇ ਉਹ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵਿੱਚ ਜਾ ਸਕਣ ਅਤੇ ਉਹ ਜਾਂ ਤਾਂ ਦਿਹਾੜੀਆਂ ਕਰਨ ਲਈ ਮਜਬੂਰ ਹਨ ਜਾਂ ਕੋਈ ਛੋਟੀ ਮੋਟੀ  ਨੌਕਰੀ  ।ਇਸੇ ਆਰਥਿਕ ਮੰਦਹਾਲੀ ਅਤੇ ਬੇਰੁਜ਼ਗਾਰੀ ਤੋਂ ਸਤਾਏ ਨੌਜਵਾਨ ਆਖ਼ਿਰਕਾਰ ਨਸ਼ਿਆਂ ਦੀ ਦਲਦਲ ਵਿੱਚ ਡੁੱਬਣ ਲਈ ਮਜਬੂਰ ਹਨ  ।ਦੇਖਣ ਵਿੱਚ ਆਇਆ ਹੈ ਕਿ ਖੇਤਰ ਦੇ ਵੱਡੀ ਗਿਣਤੀ ਵਿਚ ਨੌਜਵਾਨ ਮੈਡੀਕਲ ਅਤੇ  ਸਿੰਥੈਟਿਕ ਨਸ਼ਿਆਂ ਦੀ ਜਕੜ ਵਿੱਚ ਫਸ ਗਏ ਹਨ ਪਰ ਪਿਛਲੇ ਕੁਝ ਸਮੇਂ ਤੋਂ ਮੈਡੀਕਲ ਨਸ਼ਿਆਂ ਤੇ ਲੱਗੀ ਪਾਬੰਦੀ ਕਾਰਨ  ਹੁਣ ਇਹ ਨੌਜਵਾਨ ਸ਼ਰਾਬ ਦਾ ਸਹਾਰਾ ਲੈਣ ਲੱਗੇ ਹਨ।ਹੁਣ ਆਲਮ ਇਹ ਹੈ ਕਿ ਸਰਹੱਦੀ ਪਿੰਡਾਂ ਦੇ ਨੌਜਵਾਨ ਹਰਿਆਣਾ ਵਿੱਚੋਂ ਸਸਤੀ ਸ਼ਰਾਬ ਲਿਆ ਕੇ ਆਪਣੇ ਨਸ਼ੇ ਦੀ ਤੋਟ ਨੂੰ ਪੂਰਾ ਕਰ ਰਹੇ ਹਨ  ।ਨੌਜਵਾਨਾਂ ਨੇ ਆਪਣਾ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਬੜੇ ਚਾਵਾਂ ਨਾਲ ਘਰੋਂ ਗ਼ਰੀਬ ਹੋਣ ਦੇ ਬਾਵਜੂਦ ਵੀ ਖਰਚ ਕਰ ਕੇ ਪੜ੍ਹਾਇਆ ਲਿਖਾਇਆ  ਪਰ ਅੱਜ ਇਹ ਦੁੱਖ ਦੀ ਗੱਲ ਇਹ ਹੈ ਕਿ ਉਹ ਆਪਣੇ ਮਾਪਿਆਂ ਲਈ ਕੁਝ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਨੂੰ ਕਿਸੇ ਵੀ ਸਰਕਾਰੀ ਵਿਭਾਗ ਵਿੱਚ ਨੌਕਰੀ ਨਹੀਂ ਮਿਲ ਸਕੀ  ਅਤੇ ਸਮੇਂ ਦੀਆਂ ਸਰਕਾਰਾਂ ਫੋਕੀ ਲਾਰੇਬਾਜ਼ੀ ਹੀ ਕਰਦੀਆਂ ਰਹੀਆਂ  ਜਿਸ ਦੀ ਤਾਜ਼ੀ ਮਿਸਾਲ ਮੌਜੂਦਾ ਕਾਂਗਰਸ ਸਰਕਾਰ ਦੇ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰ ਸਕਣ ਦੀ ਹਾਲਤ ਵਿਚ  ਨੌਜਵਾਨ ਨਿਰਾਸ਼ਾ ਦੇ ਆਲਮ ਵਿਚ ਧੱਕੇ ਜਾਣ ਤੋਂ ਮਿਲਦੀ ਹੈ  ।ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨਸ਼ਿਆਂ ਉੱਪਰ ਪਾਬੰਦੀ ਤਾਂ ਲਾ ਰਿਹਾ ਹੈ ਪਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਾਤਣ ਵੀ ਉਪਰਾਲੇ ਨਹੀਂ ਕੀਤੇ ਜਾ ਰਹੇ ਅਤੇ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਚਿੱਟੇ ਹਾਥੀ ਹੀ ਸਾਬਤ ਹੋ ਰਹੇ ਹਨ  ।ਸੋ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ ਸਰਕਾਰ ਨੌਜਵਾਨਾਂ ਲਈ ਵੱਡੀ ਪੱਧਰ ਤੇ ਰੁਜ਼ਗਾਰ ਦੇ ਪ੍ਰਬੰਧ ਕਰੇ ਉੱਥੇ ਨਸ਼ਿਆਂ ਦੀ ਦਲਦਲ ਵਿਚ ਡੁੱਬੇ ਨੌਜਵਾਨਾਂ ਦੇ ਨਸ਼ੇ ਛੁਡਾਉਣ ਲਈ ਠੋਸ ਉਪਰਾਲੇ ਕੀਤੇ ਜਾਣ  ।

LEAVE A REPLY

Please enter your comment!
Please enter your name here