
(ਸਾਰਾ ਯਹਾਂ/ਬਿਊਰੋ ਨਿਊਜ਼ ) : ਬੇਮੌਸਮੀ ਬਾਰਸ਼ ਨਾਲ ਫਸਲਾਂ ਦੀ ਤਬਾਹੀ ਦਾ ਕਿਸਾਨਾਂ ਮੁਆਵਜ਼ਾ ਮਿਲੇਗਾ। ਇਸ ਲਈ ਕੇਂਦਰ ਸਰਕਾਰ ਨੇ ਅਹਿਮ ਐਲਾਨ ਕੀਤਾ ਹੈ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਬੇਮੌਸਮੇ ਮੀਂਹ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਕੇਂਦਰ ਸਰਕਾਰ ਇਸ ਨੁਕਸਾਨ ਦਾ ਮੁਲਾਂਕਣ ਕਰਨ ਲਈ ਰਾਜਾਂ ਤੋਂ ਜਾਣਕਾਰੀ ਦੀ ਉਡੀਕ ਕਰ ਰਹੀ ਹੈ।
ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਹੈ ਕਿ ਨੁਕਸਾਨ ਦਾ ਮੁਲਾਂਕਣ ਕਰਨ ਤੋਂ ਬਾਅਦ ਕੇਂਦਰੀ ਆਫਤ ਰਾਹਤ ਫੰਡ ’ਚੋਂ ਹੋਰ ਰਾਸ਼ੀ ਜਾਰੀ ਕੀਤੀ ਜਾਵੇਗੀ। ਤੋਮਰ ਨੇ ਕਿਹਾ, ‘‘ਬੇਮੌਸਮੇ ਮੀਂਹ ਕਾਰਨ ਯਕੀਨੀ ਤੌਰ ’ਤੇ ਫਸਲਾਂ ਦਾ ਨੁਕਸਾਨ ਹੋਇਆ ਹੈ। ਸਰਵੇਖਣ ਚੱਲ ਰਿਹਾ ਹੈ ਤੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਅਸੀਂ ਰਾਜਾਂ ਤੋਂ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।’’
ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਕੋਲ ਸੂਬਾ ਆਫਤ ਰਾਹਤ ਫੰਡ ਹੈ ਜਿਸ ਦੀ ਵਰਤੋਂ ਉਹ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਕਰ ਸਕਦੀਆਂ ਹਨ। ਦੱਸ ਦਈਏ ਕਿ ਇਸ ਵਾਰ ਲੇਟ ਹੋਈ ਬਾਰਸ਼ ਨਾਲ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਪੰਜਾਬ ਸਣੇ ਕਈ ਰਾਜਾਂ ਵਿੱਚ ਫਸਲਾਂ ਨੁਕਸਾਨੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਵੀ ਗਿਰਦਾਵਰੀ ਦੇ ਹੁਕਮ ਦਿੱਤੇ ਹਨ।
ਦੱਸ ਦਈਏ ਕਿ ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਸ਼ ਨੇ ਝੋਨੇ ਦੀ ਫ਼ਸਲ ਦਾ ਕਾਫੀ ਨੁਕਸਾਨ ਕੀਤਾ ਹੈ। ਖੇਤਾਂ ਵਿੱਚ ਪਾਣੀ ਖੜ੍ਹ ਗਿਆ ਸੀ ਤੇ ਫਸਲਾਂ ਧਰਤਮੀ ਉੱਪਰ ਵਿੱਛ ਗਈਆਂ ਸੀ। ਇਸ ਕਾਰਨ ਝੋਨੇ ਦੀ ਅਗੇਤੀ ਕਿਸਮ 1509 ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ ਸਬਜ਼ੀਆਂ ਤੇ ਪਸ਼ੂਆਂ ਲਈ ਚਾਰੇ ਦਾ ਵੀ ਨੁਕਸਾਨ ਹੋਇਆ ਸੀ। ਪਾਣੀ ਵਿੱਚ ਡੁੱਬੇ ਝੋਨੇ ਦੀਆਂ ਮੁੰਜਰਾਂ ਪੁੰਗਰਨ ਲੱਗ ਗਈਆਂ ਸੀ।
ਇਸ ਲਈ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸ ਮਗਰੋਂ ਪੰਜਾਬ ਸਰਕਾਰ ਨੇ ਗਿਰਦਾਵਰੀ ਕਰਾਉਣ ਦੇ ਹੁਕਮ ਦਿੱਤੇ ਸੀ।
