ਬੁਢਲਾਡਾ 27 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸ਼ਹਿਰ ਅੰਦਰ ਮਨਚਲੇ ਨੌਜਵਾਨਾਂ ਵੱਲੋਂ ਸੜਕਾਂ ਉੱਤੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਚਲਾ ਕੇ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਰੋਜ਼ਾਨਾ ਦੇਖਣ ਵਿੱਚ ਆਉਦਾ ਹੈ ਕਿ ਇਹ ਸ਼ਰਾਰਤੀ ਮਨਚਲੇ ਨੌਜਵਾਨਾ ਨੇ ਬੁਲਟ ਮੋਟਰਸਾਈਕਲਾਂ ਵਿੱਚ ਪਟਾਕੇ ਵਾਲੀਆਂ ਜਾਲੀਆਂ ਪਵਾ ਕੇ ਸਲੰਸਰਾਂ ਨੂੰ ਖੋਲ੍ਹਿਆ ਹੋਇਆ ਹੈ ਅਤੇ ਰਸਤੇ ਵਿਚ ਜਾਂਦੇ ਹੋਏ ਉੱਚੀ ਆਵਾਜ਼ ਵਿੱਚ ਮੋਟਰਸਾਈਕਲ ਦੇ ਪਟਾਕੇ ਪਾਉਦੇ ਹਨ। ਇਸ ਸਬੰਧੀ ਕੁਝ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਨੌਜਵਾਨ ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਵਿਚੋਂ ਲੰਘਦੇ ਹਨ ਤਾਂ ਮੋਟਰਸਾਈਕਲ ਇੰਨੀ ਸਪੀਡ ਤੇ ਭਜਾਉਂਦੇ ਹਨ ਅਤੇ ਪਟਾਕੇ ਮਾਰਦੇ ਹਨ ਜਿਸ ਨਾਲ ਬਜ਼ੁਰਗਾਂ ਅਤੇ ਹਾਰਟ ਦੇ ਮਰੀਜ਼ਾਂ ਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਕੰਨ ਪਾੜਵੀਆਂ ਆਵਾਜ਼ਾਂ ਨਾਲ ਕਈ ਵਾਰ ਤਾਂ ਬੱਚੇ ਵੀ ਡਰ ਜਾਂਦੇ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲੇ ਮਨਚਲੇ ਨੌਜਵਾਨਾਂ ਨੂੰ ਕਾਬੂ ਕਰਕੇ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਮੋਟਰਸਾਈਕਲਾਂ ਵਿੱਚੋਂ ਪਟਾਕੇ ਵਾਲੀਆਂ ਜਾਲੀਆਂ ਨੂੰ ਕਢਵਾਇਆ ਜਾਣ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਕਈ ਨੌਜਵਾਨ ਟਰੈਕਟਰ ਅਤੇ ਕਾਰਾਂ ਜੀਪਾਂ ਤੇ ਉੱਚੀ ਆਵਾਜ਼ ਵਿੱਚ ਡੈੱਕ ਆਮ ਚਲਾਈ ਨਜ਼ਰ ਆਉਂਦੇ ਹਨ। ਕਈ ਨੌਜਵਾਨ ਤਾਂ ਸ਼ਹਿਰ ਦੀਆਂ ਗਲੀਆਂ ਵਿੱਚ ਸਵੇਰ ਤੋਂ ਸ਼ਾਮ ਤੱਕ ਆਮ ਹੀ ਗੇੜੇ ਮਾਰਦੇ ਦਿਖਦੇ ਹਨ ਜੋ ਰਾਹ ਜਾਂਦੀਆਂ ਲੜਕੀਆਂ ਨਾਲ ਵੀ ਛੇੜਖਾਨੀਆਂ ਕਰਦੇ ਹਨ। ਇਸ ਸੰਬੰਧੀ ਜਦੋਂ ਥਾਣਾ ਸਿਟੀ ਐਸਐਚਓ ਸੁਰਜਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਅਜਿਹਾ ਸ਼ਰਾਰਤੀ ਅਨਸਰ ਪਟਾਕੇ ਮਾਰਦਾ ਨਜ਼ਰ ਆਉਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਕਿਹਾ ਕਿ ਬੁਲਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।