ਬੁਢਲਾਡੇ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਰੂਪੀ ਕਿਸਾਨੀ ਮੋਰਚਾ 78 ਵੇਂ ਦਿਨ ਵਿੱਚ ਹੋਇਆ ਦਾਖਲ

0
20

ਬੁਢਲਾਡਾ19 ਦਸੰਬਰ (ਸਾਰਾ ਯਹਾ /ਅਮਨ ਮਹਿਤਾ) ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ ਹੈ ਅਤੇ ਅੱਜ ਇਹ ਘਿਰਾਓ ਕਰਕੇ ਗੱਡਿਆ ਕਿਸਾਨਾਂ ਦਾ ਮੋਰਚਾ  78 ਵੇਂ ਦਿਨ ਵਿੱਚ ਜਾ ਪਹੁੰਚਿਆ ਹੈ।     ਪੈਟਰੋਲ ਪੰਪ ਦਾ ਇਹ ਮੋਰਚਾ ਅਤੇ ਦਿੱਲੀ ਦੇ ਮੋਰਚੇ ਦੀ ਕੜੀ ਜੁੜੀ ਹੋਈ ਹੈ ਅਤੇ ਇੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਹਰ ਰੋਜ਼ ਵਾਂਗ ਮੀਟਿੰਗ ਕਰਕੇ ਦਿੱਲੀ ਮੋਰਚੇ ਦੀ ਖ਼ਬਰਸਾਰ ਆਪਸ ਵਿੱਚ ਸਾਂਝੀ ਕਰਦੇ ਹਨ ਅਤੇ ਦਿੱਲੀ ਜਥੇ ਭੇਜਣ ਦੀ ਵਿਊਂਤਬੰਦੀ ਘੜਦੇ ਹਨ।    ਅੱਜ ਕਿਸਾਨਾਂ ਦੇ ਜੁੜੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ ) ਦੇ ਆਗੂ ਮਹਿੰਦਰ ਸਿੰਘ ਦਿਆਲਪੁਰਾ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ , ਆਲ ਇੰਡੀਆ ਕਿਸਾਨ ਸਭਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਹਰਿੰਦਰ ਸਿੰਘ ਸੋਢੀ ਅਤੇ ਡੀ.ਟੀ.ਐਫ ਦੇ ਆਗੂ ਮਾਸਟਰ ਗੁਰਦਾਸ ਸਿੰਘ ਗੁਰਨੇ ਨੇ ਸੰਬੋਧਨ ਕੀਤਾ।   ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਦਿੱਲੀ , ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਸਾਥੀਆਂ ਨੂੰ ਯਾਦ ਕਰਦੇ ਹੋਏ 20 ਦਸੰਬਰ ਨੂੰ ਸਰਧਾਂਜਲੀ ਭੇਟ ਕੀਤੀ ਜਾਵੇਗੀ।  ਆਗੂਆਂ ਨੇ ਕਿਹਾ ਕਿ ਮੋਦੀ-ਅਮਿਤ ਜੋੜੀ ਵੱਲੋਂ ਖੇਤੀ ਕਾਨੂੰਨ ਰੱਦ ਨਾ ਕਰਕੇ ਸਗੋਂ ਉਲਟਾ ਇੰਨਾਂ ਕਾਨੂੰਨਾਂ ਦੀ ਵਕਾਲਤ ਕਰਨਾ ਦਰਸਾਉਂਦਾ ਹੈ ਕਿ ਅਮਰੀਕੀ ਸਾਮਰਾਜ ਅਤੇ ਕਾਰਪੋਰੇਟ ਘਰਾਣਿਆਂ ਨੇ ਇਹਨਾਂ ਦੋਵਾਂ ਦੀ ਬਾਂਹ ਮਰੋੜੀ ਹੋਈ ਹੈ ਤਾਂਹੀਓ ਉਕਤ ਜੋੜੀ ਲੋਕ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਬਜਿੱਦ ਹੈ।  ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਦਿਨੋ ਦਿਨ ਵਿਸ਼ਾਲ ਅਤੇ ਮਜਬੂਤ ਹੋ ਰਿਹਾ ਹੈ , ਜੋ ਦੇਸ਼ ਅਤੇ ਦੁਨੀਆਂ ਨੂੰ ਨਵੀਂ ਦਿਸ਼ਾ ਦੇਵੇਗਾ।     ਇਸ ਮੌਕੇ ‘ਤੇ ਅਵਤਾਰ ਸਿੰਘ ਸੇਵਾ-ਮੁਕਤ ਹੌਲਦਾਰ , ਰਿਟਾਇਰਡ ਥਾਣੇਦਾਰ ਪ੍ਰੀਤਮ ਸਿੰਘ , ਸਰੂਪ ਸਿੰਘ ਗੁਰਨੇ , ਸੁਖਦੇਵ ਸਿੰਘ ਗੰਢੂ ਕਲਾਂ , ਗੁਰਚਰਨ ਦਾਸ ਬੋੜਾਵਾਲ , ਬਲਦੇਵ ਸਿੰਘ ਗੁਰਨੇ ਕਲਾਂ , ਚਾਨਣ ਸਿੰਘ ਗੁਰਨੇ ਖੁਰਦ ,ਬਲਵੀਰ ਸਿੰਘ ਗੁਰਨੇ ,ਅਮਰੀਕ ਸਿੰਘ ਮੰਦਰਾਂ , ਪੰਜਵੀਂ ਜਮਾਤ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਵੀ ਸੰਬੋਧਨ ਕੀਤਾ।      

NO COMMENTS