*ਬੁਢਲਾਡਾ ਡੇਂਗੂ ਤੇ ਮਲੇਰੀਆ ਤੋਂ ਬਚਾਅ ਸਬੰਧੀ ਗਤੀਵਿਧੀਆਂ ਤੇਜ*

0
11

ਬੁਢਲਾਡਾ 05 ਅਗਸਤ (ਸਾਰਾ ਯਹਾਂ/ਅਮਨ ਮਹਿਤਾ): ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੈਕਟਰ ਬਰ੍ਹੇ ਅਧੀਨ ਪਿੰਡ ਅਹਿਮਦਪੁਰ, ਟਾਹਲੀਆਂ ਅਤੇ ਮੰਢਾਲੀ ਵਿਖੇ ਆਉਣ ਵਾਲੇ ਡੇਂਗੂ ਦੇ ਸੀਜਨ ਨੂੰ ਦੇਖਦੇ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਗਤੀਵਿਧੀਆਂ ਦੌਰਾਨ ਸਿਹਤ ਕਰਮਚਾਰੀਆਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਇੰਨ੍ਹਾਂ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸ਼ੱਕੀ ਮਰੀਜ਼ਾਂ ਦੇ ਖੂਨ ਦੇ ਸੈਂਪਲ ਲਏ ਜਾ ਰਹੇ ਹਨ। ਸਿਹਤ ਸੁਪਰਵਾਈਜ਼ਰ ਅਸ਼ਵਨੀ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਾਨੂੰ ਹੋਰ ਬਿਮਾਰੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਆਪਣੇ ਘਰਾਂ ਦੇ ਆਲੇ-ਦੁਆਲੇ ਘਰ ਵਿੱਚ ਕਿਤੇ ਵੀ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ। ਕਿਉਂਕਿ ਮੱਛਰ ਖੜ੍ਹੇ ਪਾਣੀ ਤੇ ਹੀ ਪੈਦਾ ਹੁੰਦੇ ਹਨ। ਬੁਖਾਰ ਹੋਣ ਤੇ ਡੇਂਗੂ, ਚਿਕਨਗੁਨੀਆ ਦਾ ਟੈਸਟ ਕਰਵਾਇਆ ਜਾਵੇ, ਜੋ ਕਿ ਸਿਵਲ ਹਸਪਤਾਲ ਮਾਨਸਾ ਵਿਖੇ ਬਣੇ ਹੋਏ ਸੈਂਟੀਨਲ ਸਰਵੇਲੈਂਸ ਸੈਂਟਰ ਵਿਖੇ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਕਰਮਚਾਰੀ ਰਾਹੁਲ ਕੁਮਾਰ, ਨਿਰਭੈ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼-ਅਜਿਪਟੀ ਨਾਮੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਤੇ ਇਹ ਮੱਛਰ ਕੇਵਲ ਦਿਨ ਸਮੇਂ ਕੱਟਦਾ ਹੈ। ਡੇਂਗੂ ਦਾ ਮੱਛਰ ਸਾਫ਼ ਪਾਣੀ ‘ਤੇ ਅੰਡੇ ਦਿੰਦਾ ਹੈ ਤੇ ਹਫ਼ਤੇ ਤੋਂ ਦਸ ਦਿਨਾਂ ‘ਚ ਇਹ ਅੰਡੇ ਤੋਂ ਪੂਰਾ ਮੱਛਰ ਬਣ ਜਾਂਦਾ ਹੈ। ਇਸ ਦੇ ਲੱਛਣਾਂ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਡੇਂਗੂ ਬੁਖਾਰ ਦੇ ਮੁੱਖ ਲੱਛਣ ਜਿਵੇਂ ਤੇਜ ਬੁਖਾਰ, ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦਾਂ, ਜੀ ਕੱਚਾ ਹੋਣਾ, ਉਲਟੀਆਂ ਆਉਣਾ, ਚਮੜੀ ਤੇ ਦਾਣੇ ਨਿਕਲਣੇ ਅਤੇ ਜਿਆਦਾ ਹਾਲਤ ਖਰਾਬ ਹੋਣ ‘ਤੇ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਨਿਕਲਣਾ ਹਨ। ਇਸ ਲਈ ਮੱਛਰ ਦੇ ਜੀਵਨ ਚੱਕਰ ਨੂੰ ਤੋੜਨ ਲਈ ਹਰ ਹਫ਼ਤੇ ਪਾਣੀ ਵਾਲੇ ਸ੍ਰੋਤਾਂ ਜਿਵੇਂ ਕੂਲਰ, ਪਾਣੀ ਦੇ ਕੰਟੇਨਰ, ਫੱਰਿਜ ਦੀ ਵੇਸਟ-ਟ੍ਰੇਅ ਨੂੰ ਖਾਲੀ ਕਰ ਕੇ ਕੱਪੜਾ ਮਾਰ ਕੇ ਸੁਕਾਉਣਾ ਚਾਹੀਦਾ ਹੈ ਤੇ ਸਿਹਤ ਵਿਭਾਗ ਵੱਲੋਂ ਇਸ ਲਈ ਸ਼ੁੱਕਰਵਾਰ ਦਾ ਦਿਨ ਨਿਸ਼ਚਿਤ ਕੀਤਾ ਗਿਆ ਹੈ। ਲੋਕਾਂ ਨੂੰ ਮੱਛਰ ਦੇ ਲੜਨ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ। ਰਾਤ ਅਤੇ ਦਿਨ ਨੂੰ ਸੌਣ ਲੱਗਿਆਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਹਰ ਸ਼ੁੱਕਰਵਾਰ ਡਰਾਈ ਡੇ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਲੋਕ ਜਾਗਰੂਕ ਨਹੀਂ, ਉਨੀ ਦੇਰ ਵਧੀਆ ਨਤੀਜੇ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਲੋਕਾਂ ਨੂੰ ਇੰਨ੍ਹਾਂ ਬੀਮਾਰੀਆਂ ਦੀ ਰੋਕਥਾਮ ਕਰਨ ਲਈ ਸਿਹਤ ਵਿਭਾਗ ਦੀ ਟੀਮ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here