ਬੁਢਲਾਡਾ 15 ਜੂਨ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਕੌਂਸਲਰ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲਣ ਵਾਲੀ ਨਗਰ ਕੋਸਲ ਦੀ ਮਹਿਲਾ ਸੇਵਾਦਾਰ ਦੇ ਪੁਲੀਸ ਵੱਲੋਂ ਬਿਆਨ ਲੈਣ ਤੋਂ ਬਾਅਦ ਮਾਮਲੇ ਵਿਚ ਪਹਿਲਾਂ ਦਰਜ ਕੇਸ ਚ ਜਬਰ ਜ਼ਨਾਹ ਅਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਸਬੰਧੀ ਧਰਾਵਾਂ ਦਾ ਵਾਧਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਬੁਢਲਾਡਾ ਪ੍ਰਭਜੋਤ ਕੌਰ ਨੇ ਦੱਸਿਆ ਕਿ ਪੁਲੀਸ ਟੀਮ ਵੱਲੋਂ ਇੱਥੋਂ ਦੇ ਇੱਕ ਨਿਜੀ ਹਸਪਤਾਲ ਚ ਜ਼ੇਰੇ ਇਲਾਜ ਪੀੜਤ ਦੇ ਬਿਆਨ ਲਏ ਗਏ ਜਿਸ ਤੋਂ ਬਾਅਦ ਪੁਲੀਸ ਨੇ ਇਸ ਮਾਮਲੇ ਵਿਚ ਧਾਰਾ 376 ਆਈਪੀਸੀ ਤੇ 67 ਆਈ ਟੀ ਐਕਟ ਤਹਿਤ ਧਾਰਾਵਾਂ ਚ ਵਾਧਾ ਕੀਤਾ ਗਿਆ ਹੈ। ਦਰਜ ਬਿਆਨਾਂ ਚ ਪੀੜਤਾ ਨੇ ਕਥਿਤ ਦੋਸ਼ੀ ਖ਼ਿਲਾਫ਼ ਉਸ ਨਾਲ ਪਿਛਲੇ ਚਾਰ ਸਾਲ ਤੋਂ ਜਬਰ ਜਨਾਹ ਅਤੇ ਕੱਪੜੇ ਪਾੜ ਕੇ ਅਸ਼ਲੀਲ ਤਸਵੀਰਾਂ ਖਿੱਚ ਕੇ ਵਾਇਰਲ ਕਰਨ ਦੇ ਦੋਸ਼ ਲਗਾਏ ਹਨ।
*ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਨੋਟਿਸ ਲਿਆ*
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀਡ਼ਤ ਲਡ਼ਕੀ ਨੂੰ ਇਨਸਾਫ ਦਿਵਾਉਣ ਲਈ ਮਾਨਸਾ ਦੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਵਲੋ ਪੀਡ਼ਤ ਲਡ਼ਕੀ ਨੂੰ ਇਨਸਾਫ ਦਿਵਾਉਣ ਬਾਰੇ ਭੇਜੇ ਲਿਖਤੀ ਪੱਤਰਾਂ ਸਬੰਧੀ ਕਾਰਵਾਈ ਕਰਦਿਆਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਤੋ 7 ਦਿਨਾ ਦੇ ਅੰਦਰ ਅੰਦਰ ਇਸ ਦੀ ਪੂਰੀ ਰਿਪੋਰਟ ਮੰਗੀ ਹੈ।