ਮਾਨਸਾ, 20 ਅਗਸਤ:(ਸਾਰਾ ਯਹਾਂ/ਮੁੱਖ ਸੰਪਾਦਕ)
ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਯੋਗਤਾ ਮਿਤੀ 01 ਜਨਵਰੀ, 2025 ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਬੀ.ਐਲ.ਓਜ਼ ਵੱਲੋਂ ਘਰ ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਇਸ ਸਬੰਧੀ ਕਮਿਸ਼ਨ ਵੱਲੋਂ 20 ਸਤੰਬਰ 2024 ਤੱਕ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸ ਅਧੀਨ ਬੀ.ਐਲ.ਓਜ਼ ਆਪਣੇ ਪੋਲਿੰਗ ਏਰੀਏ ਵਿੱਚ ਘਰ ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕਰ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਵੈਰੀਫਿਕੇਸ਼ਨ ਬੀ.ਐਲ.ਓਜ਼ ਵੱਲੋਂ ਆਪਣੇ ਮੋਬਾਇਲ ’ਤੇ ਬੀ.ਐਲ.ਓ.ਐਪ ਰਾਹੀਂ ਕੀਤੀ ਜਾਵੇਗੀ। ਵੈਰੀਫਿਕੇਸ਼ਨ ਦੌਰਾਨ ਬੀ.ਐਲ.ਓਜ਼ ਇੱਕ ਘਰ/ਪਰਿਵਾਰ ਦੇ ਸਾਰੇ ਮੈਂਬਰਾ ਦੀ ਡਿਟੇਲ ਬੀ.ਐਲ.ਓ. ਐਪ ਵਿੱਚ ਇਕੱਠੀ ਕਰਨਗੇ। ਇਸ ਦੌਰਾਨ ਪਰਿਵਾਰ ਵਿੱਚੋਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਅਕਤੀ ਜਿੰਨ੍ਹਾਂ ਦੀ ਅਜੇ ਤੱਕ ਵੋਟ ਨਹੀਂ ਬਣੀ, ਉਹ ਫਾਰਮ ਨੰਬਰ 6 ਭਰ ਕੇ ਆਪਣੀ ਨਵੀਂ ਵੋਟ ਬਣਵਾ ਸਕਦੇ ਹਨ ਅਤੇ ਜਿੰਨ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ/ਕਿਸੇ ਹੋਰ ਸਥਾਨ ’ਤੇ ਸ਼ਿਫਟ ਹੋ ਚੁੱਕੇ ਹਨ ਜਾਂ 2 ਪਾਸੇ ਵੋਟ ਬਣੀ ਹੋਈ ਹੈ, ਉਹ ਆਪਣਾ ਫਾਰਮ ਨੰਬਰ 7 ਭਰ ਕੇ ਆਪਣੇ ਸਬੰਧਤ ਬੀ.ਐਲ.ਓਜ਼. ਨੂੰ ਦੇ ਕੇ ਵੋਟ ਕਟਵਾ ਸਕਦੇ ਹਨ ਅਤੇ ਜਿੰਨ੍ਹਾਂ ਵਿਅਕਤੀਆਂ ਦੀ ਵੋਟ ਬਣੀ ਹੋਈ ਹੈ, ਉਹ ਕਿਸੇ ਵੀ ਕਿਸਮ ਦੀ ਦਰੁਸਤੀ ਕਰਵਾਉਣ ਲਈ ਫਾਰਮ ਨੰਬਰ 8 ਭਰ ਕੇ ਆਪਣੇ ਬੀ.ਐਲ.ਓ. ਨੂੰ ਜਮ੍ਹਾ ਕਰਵਾ ਸਕਦੇ ਹਨ।
ਉਨ੍ਹਾਂ ਆਮ ਜਨਤਾ/ਵੋਟਰਾਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ ਸਬੰਧਤ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਕਮਿਸ਼ਨ ਵੱਲੋਂ ਮਿੱਥੇ ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ ਅਤੇ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਦੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ।