ਮਾਨਸਾ, 9 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ ਪੁੱਜੀ 6 ਲੱਖ 23 ਹਜ਼ਾਰ 501 ਮੀਟਰਕ ਟਨ ਕਣਕ ਦੀ ਸੌ ਫੀਸਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਕੋਵਿਡ ਦੇ ਚਲਦਿਆਂ ਇਹ ਇੱਕ ਚੁਣੌਤੀਪੂਰਨ ਕਾਰਜ ਸੀ ਪਰ ਖਰੀਦ ਕਾਰਜਾਂ ਨਾਲ ਜੁੜੇ ਸਮੂਹ ਵਰਗਾਂ ਦੇ ਸਾਂਝੇ ਸਹਿਯੋਗ ਦੇ ਚਲਦਿਆਂ ਕਣਕ ਦੀ ਖਰੀਦ ਪ੍ਰਕਿਰਿਆ ਆਪਣੇ ਅੰਤਿਮ ਪੜਾਅ ਵੱਲ ਵਧ ਰਹੀ ਹੈ ਅਤੇ ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ ਦੁਆਰਾ ਸੁੱਕੀ ਜਿਣਸ ਦੀ ਨਾਲੋ ਨਾਲ ਖਰੀਦ ਕਰਕੇ ਲਿਫਟਿੰਗ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਮੰਡੀਆਂ ਵਿੱਚ ਕਿਸੇ ਵੀ ਵਰਗ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆ ਸਕੇ।
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡੀਆਂ ਵਿੱਚੋਂ ਖਰੀਦੀ ਕਣਕ ਦੀ 91 ਫੀਸਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਪਨਗ੍ਰੇਨ ਵੱਲੋਂ 2 ਲੱਖ 6 ਹਜ਼ਾਰ 155, ਐਫ.ਸੀ.ਆਈ ਵੱਲੋਂ 37 ਹਜ਼ਾਰ 481, ਮਾਰਕਫੈਡ ਵੱਲੋਂ 1 ਲੱਖ 65 ਹਜ਼ਾਰ 161, ਪਨਸਪ ਵੱਲੋਂ 1 ਲੱਖ 42 ਹਜ਼ਾਰ 851, ਵੇਅਰ ਹਾਊਸ ਵੱਲੋਂ 76 ਹਜ਼ਾਰ 611 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖਰੀਦੀ ਕਣਕ ਵਿੱਚੋਂ 5 ਲੱਖ 77 ਹਜ਼ਾਰ 750 ਮੀਟਰਕ ਟਨ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।