ਕੁਰੂਕਸ਼ੇਤਰ 06ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦੀ ਕਾਰ ‘ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਵੱਲੋਂ ਸਾਂਸਦ ਨਾਇਬ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ। ਨਾਇਬ ਸਿੰਘ ਸੈਣੀ ਸ਼ਾਹਬਾਦ ਮਾਰਕੰਡਾ ਤੋਂ ਆਪਣੇ ਵਰਕਰ ਦੇ ਘਰ ਚਾਹ ਪੀਣ ਤੋਂ ਬਾਅਦ ਆਪਣੇ ਘਰ ਜਾ ਰਹੇ ਸੀ ਕਿ ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਦੀ ਕਾਰ ‘ਤੇ ਪੱਥਰ ਸੁੱਟੇ। ਇਸ ਪੱਥਰਬਾਜ਼ੀ ਵਿੱਚ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਵਾਲ-ਵਾਲ ਬਚੇ। ਅਸਾਮ ਦੀ ਚੋਣ ਤੋਂ ਬਾਅਦ ਅੱਜ ਸ਼ਾਹਬਾਦ ਮਾਰਕੰਡਾ ਤੋਂ ਹੁੰਦੇ ਹੋਏ ਸਾਂਸਦ ਨਾਇਬ ਆਪਣੇ ਘਰ ਅੰਬਾਲਾ ਨਰੈਣਗੜ੍ਹ ਵਿਖੇ ਜਾ ਰਹੇ ਸਨ।
ਸ਼ਾਹਬਾਦ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਨਾਇਬ ਸੈਣੀ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਭਾਰਤੀ ਜਨਤਾ ਪਾਰਟੀ ਦੇ 41 ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਨਾਇਬ ਸੈਣੀ ਸ਼ਾਹਬਾਦ ਵਿੱਚ ਵਰਕਰ ਦੇ ਘਰ ਭਾਜਪਾ ਦਾ ਝੰਡਾ ਲਹਿਰਾਉਣ ਗਏ। ਜਦੋਂ ਇਸ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਮਿਲੀ ਤਾਂ ਬੀਕੇਆਈਯੂ ਦੇ ਸਾਰੇ ਵਰਕਰ ਭਾਜਪਾ ਵਰਕਰ ਦੀ ਰਿਹਾਇਸ਼ ਨੇੜੇ ਇਕੱਠੇ ਹੋ ਗਏ।
ਨਾਇਬ ਸੈਣੀ ਦਾ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਸਖਤ ਵਿਰੋਧ ਕੀਤਾ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। ਦਸ ਦਈਏ ਕਿ ਕਿਸਾਨ ਹਰਿਆਣਾ ‘ਚ ਪੂਰੀ ਤਰ੍ਹਾਂ ਭਾਜਪਾ ਦਾ ਵਿਰੋਧ ਕਰ ਰਹੇ ਹਨ। ਹੁਣ ਉਨ੍ਹਾਂ ਨੇ ਸੰਸਦ ਮੈਂਬਰ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਹੈ, ਹਾਲਾਂਕਿ ਨਾਇਬ ਸਿੰਘ ਸੈਣੀ ਇਸ ਹਮਲੇ ‘ਚ ਸੁਰੱਖਿਅਤ ਹਨ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।