ਮਲੋਟ 28 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਅਬੋਹਰ ਤੋਂ ਬੀਜੇਪੀ ਵਿਧਾਇਕ ਅਰੁਣ ਨਾਰੰਗ ਦੀ ਹੋਈ ਕੁੱਟਮਾਰ ਦੇ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 7 ਕਿਸਾਨ ਲੀਡਰਾਂ ਤੇ 300 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਅਨੁਸਾਰ ਜਦ ਅਰੁਣ ਨਾਰੰਗ ਮਲੋਟ ਵਿਖੇ ਮੀਟਿੰਗ ਲਈ ਪਹੁੰਚੇ ਤਾਂ ਉਨ੍ਹਾਂ ਦਾ ਕੁਝ ਲੋਕਾਂ ਨੇ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਉਨ੍ਹਾਂ ‘ਤੇ ਹੋਏ ਹਮਲੇ ਤੋਂ ਬਚਾਅ ਲਈ ਐਸਪੀ ਹੈੱਡਕੁਆਰਟਰ ਗੁਰਮੇਲ ਸਿੰਘ ਤੇ ਹੋਰ ਪੁਲਿਸ ਪਾਰਟੀ ਨੇ ਕੋਸ਼ਿਸ਼ ਕੀਤੀ। ਇਸ ਦੌਰਾਨ ਐਸਪੀ ਗੁਰਮੇਲ ਸਿੰਘ ਵੀ ਜ਼ਖਮੀ ਹੋ ਗਏ।
ਇਸ ਸਬੰਧੀ ਫਿਲਹਾਲ ਐਫਆਈਆਰ ਨੰਬਰ 56 ਦਰਜ ਕਰ ਲਈ ਗਈ ਹੈ। ਇਹ ਐਫਆਈਆਰ ਆਈਪੀਸੀ ਦੀ ਧਾਰਾ 307/353/186/188/332/342/506/148/149 ਤਹਿਤ ਸਿਟੀ ਮਲੋਟ ‘ਚ ਦਰਜ ਕੀਤੀ ਗਈ ਹੈ। ਇਹ ਐਫਆਈਆਰ ਐਸਪੀ ਐਚ ਗੁਰਮੇਲ ਸਿੰਘ ਦੇ ਬਿਆਨਾਂ ‘ਤੇ ਦਰਜ ਕੀਤੀ ਗਈ ਹੈ। ਇਸ ਐਫਆਈਆਰ ‘ਚ 7 ਕਿਸਾਨ ਆਗੂਆਂ ਨੂੰ ਨਾਮਜਦ ਕੀਤਾ ਗਿਆ ਹੈ ਜਦਕਿ 250-300 ਲੋਕ ਅਣਪਛਾਤੇ ਹਨ।
ਐਫਆਈਆਰ ਵਿੱਚ ਜੋ 7 ਕਿਸਾਨ ਆਗੂਆਂ ਦੇ ਨਾਮ ਹਨ, ਉਨ੍ਹਾਂ ਵਿੱਚ ਲਖਨਪਾਲ ਉਰਫ ਲੱਖਾ ਆਲਮਵਾਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁਜ਼ਰ, ਜਨਰਲ ਸਕਤਰ ਨਿਰਮਲ ਸਿੰਘ ਜੱਸੇਆਣਾ, ਨਾਨਕ ਸਿੰਘ ਫਕਰਸਰ,ਕੁਲਵਿੰਦਰ ਸਿੰਘ ਦਾਨੇਵਾਲਾ, ਰਾਜਵਿੰਦਰ ਸਿੰਘ ਜੰਡਵਾਲਾ, ਅਵਤਾਰ ਸਿੰਘ ਫਕਰਸਰ ਸ਼ਾਮਲ ਹਨ।
ਦੱਸ ਦੇਈਏ ਕਿ ਕੱਲ੍ਹ ਮਲੋਟ ਵਿੱਚ ਅਰੁਣ ਨਾਰੰਗ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ ਸੀ।ਪ੍ਰਦਰਸ਼ਕਾਰੀਆਂ ਨੇ ਵਿਧਾਇਕ ਦੀ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਪਾੜੇ ਦਿੱਤੇ।ਉਨ੍ਹਾਂ ਵਿਧਾਇਕ ਦੀ ਗੱਡੀ ਤੇ ਕਾਲਖ ਵੀ ਪੋਤ ਦਿੱਤੀ ਅਤੇ ਨਾਅਰੇਬਾਜ਼ੀ ਕੀਤੀ।ਪੁਲਿਸ ਨੇ ਬੜੀ ਮੁਸ਼ਕਲ ਨਾਲ ਵਿਧਾਇਕ ਨੂੰ ਭੀੜ ਵਿੱਚੋਂ ਬਾਹਰ ਕੱਢਿਆ ਅਤੇ ਉਸਦੀ ਜਾਨ ਬਚਾਈ।ਵਿਧਾਇਕ ਇੱਕ ਪ੍ਰੈਸ ਕਾਨਫਰੰਸ ਕਰਨ ਲਈ ਮਲੋਟ ਪਹੁੰਚਿਆ ਸੀ।ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ ਕਿ ਉਹ ਪੰਜਾਬ ਵਿੱਚ ਬੀਜੇਪੀ ਦਾ ਵਿਧਾਇਕਾਂ ਅਤੇ ਲੀਡਰਾਂ ਦਾ ਜ਼ੋਰਦਾਰ ਵਿਰੋਧ ਕਰਨਗੇ।