ਬਰਨਾਲਾ 08,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ):: ਖੇਤਾ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਅੱਜ ਬਰਨਾਲਾ ਵਿੱਚ ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਵਿੱਚ ਬਾਜਪਾ ਲੀਡਰ ਗੁਰਤੇਜ ਸਿੰਘ ਢਿੱਲੋਂ ਪਹੁੰਚੇ। ਇਸ ਦਾ ਪਤਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੇਤਾਵਾਂ ਨੂੰ ਲੱਗ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਬਾਜਪਾ ਲੀਡਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੌਜੂਦ ਪੁਲਿਸ ਬਲ ਨੇ ਭਾਜਪਾ ਲੀਡਰ ਨੂੰ ਬਾਹਰ ਕੱਢਿਆ।
ਇਸ ਤੋਂ ਬਾਅਦ ਭਾਜਪਾ ਨੇਤਾ ਦੀ ਗੱਡੀ ਦਾ ਮੋਟਰਸਾਈਕਲਾਂ ਨਾਲ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਜਪਾ ਲੀਡਰ ਦੀ ਗੱਡੀ ਕਿਸਾਨ ਨੇਤਾਵਾਂ ਨੂੰ ਟੱਕਰ ਮਾਰਦੇ ਹੋਏ ਚੱਲੀ ਗਈ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਵੱਲੋਂ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਬਾਹਰ ਮੋਰਚਾ ਲਾ ਦਿੱਤਾ ਗਿਆ ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਭਾਜਪਾ ਨੇਤਾ ਤੇ ਕਿਸਾਨਾਂ ਨੂੰ ਗੱਡੀ ਨਾਲ ਟੱਕਰ ਮਾਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਜਾਵੇ ਤੇ ਨੁਕਸਾਨੇ ਮੋਟਰਸਾਈਕਲਾਂ ਨੂੰ ਠੀਕ ਕਰਵਾਇਆ ਜਾਏ।
ਇਸ ਦੌਰਾਨ ਗੱਲਬਾਤ ਕਰਦੇ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਸੰਘਰਸ਼ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਲੀਡਰਾਂ ਦਾ ਵਿਰੋਧ ਜਾਰੀ ਹੈ। ਭਾਰੀ ਪੁਲਿਸ ਬਲ ਹੋਣ ਕਾਰਨ ਭਾਜਪਾ ਲੀਡਰ ਬਚ ਕੇ ਨਿਕਲ ਗਿਆ।