ਬਰਨਾਲਾ 02,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਬਿਜਲੀ ਕੱਟਾਂ ਤੋਂ ਨਾਰਾਜ਼ ਤਿੰਨ ਪਿੰਡਾਂ ਦੇ ਵਸਨੀਕਾਂ ਨੇ ਬੁੱਧਵਾਰ ਰਾਤ ਨੂੰ ਬਰਨਾਲਾ ਜ਼ਿਲ੍ਹੇ ਦੇ ਚੀਮਾ ਪਿੰਡ ਵਿਖੇ 66 KV ਪਾਵਰ-ਸਬ ਸਟੇਸ਼ਨ ਦੀ ਕਥਿਤ ਤੌਰ ’ਤੇ ਭੰਨ-ਤੋੜ ਕੀਤੀ। ਗੁੱਸੇ ਵਿੱਚ ਆਏ ਲੋਕਾਂ ਨੇ ਇਮਾਰਤ ਦੇ ਮੁੱਖ ਗੇਟ ਤੇ ਕੈਬਿਨ ਦੇ ਸ਼ੀਸੇ ਕਥਿਤ ਤੌਰ ‘ਤੇ ਤੋੜ ਦਿੱਤੇ ਤੇ ਕਾਫੀ ਨੁਕਸਾਨ ਪਹੁੰਚਾਇਆ।
ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਇਨ੍ਹਾਂ ਭੰਨ ਤੋੜ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।
ਬਿਜਲੀ ਵਿਭਾਗ ਦੇ ਕਰਮਚਾਰੀ ਇੰਦਰਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਨਾਈਵਾਲਾ, ਜੋਧਪੁਰ ਤੇ ਪੱਟੀ ਸੇਖਵਾਂ ਪਿੰਡਾਂ ਦੇ ਕੁਝ ਲੋਕ ਸਬ ਸਟੇਸ਼ਨ ਪਹੁੰਚੇ ਤੇ ਬਿਜਲੀ ਬੋਰਡ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਅੱਗੇ ਕਿਹਾ, “ਉਨ੍ਹਾਂ ਡਿਊਟੀ’ ਤੇ ਮੌਜੂਦ ਕਰਮਚਾਰੀਆਂ ਖ਼ਿਲਾਫ਼ ਗਾਲਾਂ ਕੱਢੀਆਂ ਤੇ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ। ਸਬ ਸਟੇਸ਼ਨ ਦੇ ਮੁੱਖ ਗੇਟ ਤੇ ਹੋਰ ਚੀਜ਼ਾਂ ਨੂੰ ਉਨ੍ਹਾਂ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ”
ਬਰਨਾਲਾ ਪੁਲਿਸ ਨੇ ਧਾਰਾ 452 (ਹਮਲੇ ਦੀ ਤਿਆਰੀ ਨਾਲ ਘੁਸਪੈਠ ਕਰਨਾ), 332 (ਸਵੈ-ਇੱਛਾ ਨਾਲ ਸਰਕਾਰੀ ਨੌਕਰ ਨੂੰ ਡਿਊਟੀ ਤੋਂ ਰੋਕਣ ਲਈ ਜ਼ਖਮੀ ਕਰਨਾ), 148 (ਦੰਗਾ) ਤੇ 149 (ਗੈਰਕਾਨੂੰਨੀ ਇਕੱਠ) ਦੇ ਤਹਿਤ 62 ਵਿਅਕਤੀਆਂ ਖ਼ਿਲਾਫ਼ ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ।