ਬੁਢਲਾਡਾ 27 ਜੁਲਾਈ (ਸਾਰਾ ਯਹਾ,ਅਮਨ ਮਹਿਤਾ ): ਬਿਜਲੀ ਸਪਲਾਈ ਐਕਟ 2003 ਦੇ ਵਿੱਚ ਸੋਧ ਕਰਕੇ ਬਿਜਲੀ ਸਪਲਾਈ ਐਕਟ 2020 ਵਿੱਚ ਪਾਸ ਕਰਨ ਦੇ ਰੋਸ ਵਜੋਂ ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਮੰਡਲ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਸਟੇਟ ਕਮੇਟੀ ਮੈਬਰ ਲੱਖਾ ਸਿੰਘ ਨੇ ਜਾਣਕਾਰੀ ਦਿੱਤੀ ਕਿ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਹਰੇਕ ਮੰਡਲ ਵਿਖੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਾਵਰਕਾਮ ਨੂੰ ਜੋ ਠੇਕੇਦਾਰੀ ਸਿਸਟਮ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਜਿਸ ਕਰਕੇ ਕਾਫੀ ਹੱਦ ਤੱਕ ਪਾਵਰਕਾਮ ਕਾਮੇ ਬੇਰੁਜ਼ਗਾਰ ਹੋ ਚੁੱਕੇ ਹਨ , ਕਿਸੇ ਵੀ ਕਿਸਮ ਦੀ ਕੋਈ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ, ਬਿਜਲੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਾਵਰਕਾਮ ਪੈਨਸ਼ਨਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵੀ ਖਤਮ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਬੋਰਡ ਨੂੰ ਠੇਕੇਦਾਰੀ ਸਿਸਟਮ ਚੋਂ ਬਾਹਰ ਲਿਆਂਦਾ ਜਾਵੇ ਤਾਂ ਜੋ ਬੇਰੁਜ਼ਗਾਰੀ ਖ਼ਤਮ ਹੋ ਸਕੇ ਅਤੇ ਪਾਵਰਕਾਮ ਪੈਨਸ਼ਨਰਜ਼ ਦੀਆਂ ਜੋ ਮੁਸ਼ਕਲਾਂ ਹਨ ਉਨ੍ਹਾਂ ਦਾ ਵੀ ਹਲ ਹੋ ਸਕੇ। ਉਨ੍ਹਾਂ ਮੰਗ ਕੀਤੀ ਕਿ ਪਾਵਰ ਕਾਮ ਪੈਨਸ਼ਨਰਜ਼ ਦੀਆਂ ਰੋਕੀਆਂ ਹੋਈਆਂ ਡੀ ਏ ਦੀਆ ਕਿਸ਼ਤਾਂ ਬਹਾਲ ਕੀਤੀਆਂ ਜਾਣ,ਪੈਨਸ਼ਨ ਨੂੰ ਦਿੱਤੀ ਜਾਣ ਵਾਲੀ ਛੋਟ ਵੀ ਲਾਗੂ ਕੀਤੀ ਜਾਵੇ। ਇਸ ਮੋਕੇ ਸੈਕਟਰੀ ਗੁਰਜੰਟ ਸਿੰਘ, ਹਰਬਿਲਾਸ ਸ਼ਰਮਾ, ਮੇਵਾ ਸਿੰਘ, ਅਵਤਾਰ ਸਿੰਘ, ਗੁਰਤੇਜ ਸਿੰਘ , ਨਾਜਰ ਸਿੰਘ, ਰਾਜਿਦਰ ਸਿੰਘ, ਸੁਭਾਸ਼ ਚਦ, ਦਰਸ਼ਨ ਮਘਾਣੀਆਂ ਆਦਿ ਹਾਜ਼ਰ ਸਨ