
ਮਾਨਸਾ, 04 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ ):
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਹੈ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਬੰਦ ਹੋਏ ਤਿੰਨ ਯੂਨਿਟਾਂ ਵਿੱਚੋਂ ਇੱਕ ਨੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ ਬਾਕੀ 2 ਯੂਨਿਟ ਵੀ ਇੱਕ ਦਿਨ ਦੇ ਅੰਦਰ-ਅੰਦਰ ਚਾਲੂ ਹੋ ਜਾਣਗੇ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਜਿਹੀਆਂ ਤਕਨੀਕੀ ਸਮੱਸਿਆਵਾਂ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਜਲੀ ਦੀ ਕੋਈ ਘਾਟ ਨਹੀਂ ਆਉਣ ਦੇਵੇਗੀ।
ਬਿਜਲੀ ਮੰਤਰੀ ਨੇ ਅੱਜ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ ਸ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਜਨਰੇਸ਼ਨ ਸ. ਪਰਮਜੀਤ ਸਿੰਘ ਅਤੇ ਵਿਧਾਇਕ ਬਣਾਂਵਾਲੀ ਸ. ਗੁਰਪ੍ਰੀਤ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਨਾਲ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਸ੍ਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਚਾਲੂ ਹੋ ਗਿਆ ਹੈ ਅਤੇ 600 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ।

ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਇਸ ਥਰਮਲ ਪਲਾਂਟ ਦੇ ਯੂਨਿਟ ਨੰਬਰ 1 ਅਤੇ 2 ਨੂੰ ਬੁੱਧਵਾਰ ਦੁਪਹਿਰ ਤੱਕ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਕਿ ਥਰਮਲ ਪਲਾਂਟ ਦੀ ਮੁਰੰਮਤ ਜਾਂ ਰੱਖ-ਰਖਾਅ ਸਬੰਧੀ ਕੰਮ ਸਰਦੀਆਂ ਦੇ ਮੌਸਮ ਦੌਰਾਨ ਕੀਤੇ ਜਾਣ ਪਰ ਉਨ੍ਹਾਂ ਵੱਲੋਂ ਕੋਈ ਅਣਗਹਿਲੀ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਦੇ ਪ੍ਰਸ਼ਾਸਨ ਨੂੰ ਭਵਿੱਖ ਵਿੱਚ ਇਸ ਮਾਮਲੇ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ।
ਸੂਬੇ ਦੇ ਆਮ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਅਜਿਹੀ ਕਿਸੇ ਵੀ ਤਕਨੀਕੀ ਸਮੱਸਿਆ ਨਾਲ ਨਜਿੱਠਣ ਲਈ ਵਿਭਾਗ ਵੱਲੋਂ ਪਹਿਲਾਂ ਹੀ ਬਿਜਲੀ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਬੰਧਾਂ ਸਦਕਾ ਹੀ ਇਸ ਸਾਲ 15325 ਮੈਗਾਵਾਟ ਬਿਜਲੀ ਦੀ ਰਿਕਾਰਡ ਸਭ ਤੋਂ ਵੱਧ ਮੰਗ ਨੂੰ ਵੀ ਪੂਰਾ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ ਸਰਦੂਲਗੜ੍ਹ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਅਤੇ ਡੀ.ਐਸ.ਪੀ. ਸ੍ਰੀ ਸੰਜੀਵ ਗੋਇਲ, ਤਲਵੰਡੀ ਸਾਬੋ ਪਾਵਰ ਲਿਮਟਡ ਥਰਮਲ ਪਲਾਂਟ ਤੋਂ ਪੰਕਜ ਸ਼ਰਮਾ ਸੀ.ਓ.ਓ, ਹੇਮੰਤ ਭਾਟੀਆ ਸੀ ਐਚ ਆਰ ਓ, ਰਵਿੰਦਰ ਸਿੰਘ ਓ ਐਨ ਓ ਹੈੱਡ,ਅੰਕੁਰ ਗੁਪਤਾ ਮੇਨਟੇਨੈਂਸ ਹੈੱਡ,ਐਨਸੂ ਆਊਗਨ ਪਲਾਂਟ ਇੰਚਾਰਜ ਮੌਜੂਦ ਸਨ।
