
ਮਾਨਸਾ, 28 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਉੱਜਵਲ ਭਾਰਤ ਉੱਜਵਲ ਭਵਿੱਖ ਊਰਜਾ 2047 ਦੇ ਤਹਿਤ ਊਰਜਾ ਵਿਭਾਗ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਝੁਨੀਰ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉੱਜਵਲ ਭਾਰਤ, ਉੱਜਵਲ ਭਵਿੱਖ, ਬਿਜਲੀ ਮਹਾਂਉਤਸਵ ਦਾ ਮੁੱਖ ਮੰਤਵ ਬਿਜਲੀ ਨੂੰ ਦੇਸ਼ ਵਿਚ ਸਰਪਲੱਸ ਕਰਨਾ ਅਤੇ ਬਿਜਲੀ ਦੀ ਲੋੜ ਮੁਤਾਬਿਕ ਸੁਚੱਜੀ ਵਰਤੋਂ ਕਰਨਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇਸ਼ ਵਿਚ ਉਦੋਂ ਹੀ ਸਰਪਲੱਸ ਹੋਵੇਗੀ ਜਦੋਂ ਹਰੇਕ ਨਾਗਰਿਕ ਇਸ ਦੀ ਸੋਚ ਸਮਝ ਕੇ ਲੋੜ ਮੁਤਾਬਿਕ ਵਰਤੋਂ ਕਰੇਗਾ। ਉਨ੍ਹਾਂ ਕਿਹਾ ਕਿ ਹਰ ਘਰ ਵਿਚ ਬਿਜਲੀ ’ਤੇ ਚੱਲਣ ਵਾਲੇ ਉਪਕਰਣ ਉਦੋਂ ਹੀ ਵਰਤੋਂ ਵਿਚ ਲਿਆਂਦੇ ਜਾਣ ਜਦੋਂ ਉਨ੍ਹਾਂ ਦੀ ਅਸਲ ਵਿਚ ਜ਼ਰੂਰਤ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਪਾਵਰਕਾਮ ਦੇ ਅਧਿਕਾਰੀਆਂ ਦਾ ਸਾਲ 2022 ਦੌਰਾਨ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣ ’ਤੇ ਧੰਨਵਾਦ ਕੀਤਾ।
ਉੱਪ ਮੁੱਖ ਇੰਜੀਨੀਅਰ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਡ ਵੰਡ ਹਲਕਾ, ਬਠਿੰਡਾ ਸ੍ਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਵਨ ਨੇਸ਼ਨ ਵਨ ਗਰਿੱਡ, ਨਵਿਆਉਣਯੋਗ ਊਰਜਾ, ਯੂਨੀਵਰਸਲ ਹਾਊਸਫੋਰਡ ਇਲੈਕਟ੍ਰੀਫਿਕੇਸ਼ਨ, ਗ੍ਰਾਮੀਣ ਬਿਜਲੀਕਰਨ, ਖ਼ਪਤਕਾਰ ਅਧਿਕਾਰਾਂ ਅਤੇ ਵੰਡ ਪ੍ਰਣਾਲੀ ’ਤੇ ਲਘੂ ਫਿਲਮਾਂ ਵੀ ਵਿਖਾਈਆਂ ਗਈਆਂ ਅਤੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਨੁੱਕੜ ਨਾਟਕ, ਸਕਿੱਟਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ। ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਪ੍ਰਸਤੁਤ ਕੀਤੇ ਗਏ ਸਕਿੱਟ, ਨਾਟਕ, ਭੰਗੜਾ ਅਤੇ ਗਿੱਧੇ ਰਾਹੀਂ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਨਾਲ ਬਿਜਲੀ ਦੀ ਦੁਰਵਰਤੋਂ ਨਾ ਕਰਨ ਅਤੇ ਬਿਜਲੀ ਬਚਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਵਾਲੇ ਲਾਭਪਾਤਰੀ ਵੀ ਸ਼ਾਮਲ ਹੋਏ, ਜਿੰਨ੍ਹਾ ਵੱਲੋਂ ਪੰਜਾਬ ਰਾਜ ਵਿਚ ਹੋਏ ਬਿਜਲੀ ਸੁਧਾਰਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਟੀ.ਬੈਨਿੱਥ, ਇੰਜੀਨੀਅਰ ਹਰੀਸ਼ ਗਰਗ ਐਸ.ਐਸ.ਈ. ਬੀ.ਬੀ.ਐਮ.ਬੀ. ਸੰਗਰੂਰ ਅਤੇ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀ ਅਤੇ ਸਕੂਲੀ ਬੱਚੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
