*ਬਿਜਲੀ ਦੇ ਕੱਟਾਂ ਤੋਂ ਇੰਡਸਟਰੀ ਪ੍ਰੇਸ਼ਾਨ, ਜੁਲਾਈ ਦੇ 6 ਦਿਨਾਂ ‘ਚ ਕਰੀਬ 18,500 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਪ੍ਰਭਾਵਿਤ*

0
15

ਲੁਧਿਆਣਾ 07,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਸੂਬੇ ਵਿੱਚ ਤਿੰਨ ਦਿਨਾਂ ਲਈ ਇੰਡਸਟਰੀ ਨੂੰ ਬੰਦ ਕੀਤੇ ਜਾਣ ਦੇ ਫ਼ੈਸਲੇ ਦਾ ਲੁਧਿਆਣਾ ਦੇ ਉਦਯੋਗਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਹੁਕਮ ਨੂੰ ਲੈ ਕੇ ਵੱਖ-ਵੱਖ ਉਦਯੋਗਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸਨੂੰ ਸੂਬੇ ਦੇ ਵਿੱਤੀ ਹਲਾਤਾਂ ਸਣੇ ਇੰਡਸਟਰੀ ਨੂੰ ਤਬਾਹੀ ਵੱਲ ਧਕੇਲਣ ਵਾਲਾ ਕਦਮ ਦੱਸਿਆ ਹੈ। ਜਿਨ੍ਹਾਂ ਮੁਤਾਬਕ ਜੁਲਾਈ ਮਹੀਨੇ ਦੇ 6 ਦਿਨਾਂ ਦੌਰਾਨ ਕਰੀਬ 18,500 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਪ੍ਰਭਾਵਿਤ ਹੋਵੇਗੀ।

ਫੈਡਰੇਸ਼ਨ ਆਫ ਪੰਜਾਬ ਸਮਾਲ ਇੰਡਸਟਰੀ ਐਸੋਸੀਏਸ਼ਨਜ (ਫੋਪਸੀਆ) ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਪੀਐਸਪੀਸੀਐਲ ਵੱਲੋਂ 100 ਮੈਗਾਵਾਟ ਤੋਂ ਵੱਧ ਬਿਜਲੀ ਫੂਕਣ ਵਾਲੇ ਕਰੀਬ 8800 ਵੱਡੇ ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਸੁਣਾਏ ਗਏ ਹਨ। ਜਿਸਦਾ ਅਸਰ ਸੂਬੇ ਵਿਚ ਮੌਜੂਦ ਵੱਡੇ ਅਤੇ ਛੋਟੇ ਕਰੀਬ 1,70,000 ਉਦਯੋਗਾਂ ਤੇ ਅਸਿੱਧੇ ਤੌਰ ਤੇ ਪੈ ਰਿਹਾ ਹੈ। ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਵੱਡੇ ਉਦਯੋਗਾਂ ਨਾਲ ਜੁੜੇ ਹੋਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਪਹਿਲਾਂ ਤਿੰਨ ਦਿਨ ਬਿਜਲੀ ਸਪਲਾਈ ਬੰਦ ਰੱਖੀ ਗਈ ਅਤੇ 10 ਤਰੀਕ ਤੱਕ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਅਜਿਹੇ ਵਿਚ ਉਨ੍ਹਾਂ ਦਾ ਉਤਪਾਦਨ ਕਰੀਬ 60 ਪ੍ਰਤੀਸ਼ਤ ਡਿਗ ਗਿਆ ਹੈ ਅਤੇ ਇਸਦਾ ਅਸਰ ਉਨ੍ਹਾਂ ਦੇ ਕਾਰੋਬਾਰ ਤੇ ਪਵੇਗਾ, ਕਿਉਂਕਿ ਉਨ੍ਹਾਂ ਵੱਲੋਂ ਕਈ ਵੱਡੇ ਉਦਯੋਗਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਸਪਲਾਈ ਕੀਤੀ ਜਾਣੀ ਹੁੰਦੀ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਪੀਐਸਪੀਸੀਐਲ ਨੂੰ ਸਬਸਿਡੀਆਂ ਦੇ ਪੈਸੇ ਨਾਹ ਦੇਣ ਕਾਰਨ ਕਾਰਪੋਰੇਸ਼ਨ ਦੀ ਮੰਦੀ ਹਾਲਤ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ। ਜਿੰਦਲ ਨੇ ਕਿਹਾ ਕਿ ਪੀਐੱਸਪੀਸੀਐਲ ਦੇ ਕੋਲ ਦੂਜੇ ਸੂਬਿਆਂ ਜਾਂ ਕੇਂਦਰੀ ਪੂਲ ਤੋਂ ਬਿਜਲੀ ਖਰੀਦਣ ਵਾਸਤੇ ਵੀ ਪੈਸੇ ਨਹੀਂ ਹਨ। ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਉਨ੍ਹਾਂ ਉਦਯੋਗ ਬੰਦ ਹੋ ਜਾਣਗੇ। ਜੁਲਾਈ ਮਹੀਨੇ ਦੇ 6 ਦਿਨਾਂ ਦੌਰਾਨ ਕਰੀਬ 18,500 ਕਰੋੜ ਰੁਪਏ ਦੀ ਟ੍ਰਾਂਜੇਕਸ਼ਨ ਪ੍ਰਭਾਵਿਤ ਹੋਵੇਗੀ, ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਮਾਲੀਆ ਹਾਸਲ ਹੋਣਾ ਸੀ।

ਇਸੇ ਤਰ੍ਹਾਂ ਸਿੰਗਲ ਟਰੇਡ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਕਾਰੋਬਾਰੀ ਸੰਸਥਾ ਮੰਨੀ ਜਾਂਦੀ ਯੂਨਾਈਟਿਡ ਸਾਈਕਲਜ ਐਂਡ ਪਾਰਟਸ ਮੈਨੂਫੈਕਚਰਰਜ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐਸ ਚਾਵਲਾ ਨੇ ਸਿੱਧੇ ਤੌਰ ਤੇ ਅਜਿਹੇ ਹਾਲਾਤ ਬਣੇ ਰਹਿਣ ਤੇ ਇੰਡਸਟਰੀ ਵੱਲੋਂ ਦੂਸਰੇ ਸੂਬਿਆਂ ਨੂੰ ਪਲਾਇਣ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨਾਲ ਸਾਈਕਲ ਉਦਯੋਗ ਨਾਲ ਜੁੜੇ ਕਰੀਬ 2500 ਉਦਯੋਗ ਜੁੜੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੂਸਰੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਆਫਰ ਵੀ ਆ ਰਹੇ ਹਨ। ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਉਹ ਦੂਜੇ ਸੂਬਿਆਂ ਵਿੱਚ ਜਾਣ ਨੂੰ ਮਜਬੂਰ ਹੋਣਗੇ। ਉਨ੍ਹਾਂ ਨੇ ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਵੱਲੋਂ ਲਗਾਤਾਰ ਉਨ੍ਹਾਂ ਨੂੰ ਬਹੁਤ ਘੱਟ ਸਮੇਂ ਵਿੱਚ ਅਲਟੀਮੇਟਮ ਦੇ ਕੇ ਅਤੇ ਬਿਜਲੀ ਦੇ ਕੱਟਾਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਲੱਖਾਂ ਪਰਿਵਾਰ ਜੁਡ਼ੇ ਹਨ। ਪਹਿਲਾਂ ਕੋਰੋਨਾ ਮਹਾਂਮਾਰੀ ਅਤੇ ਹੁਣ ਬਿਜਲੀ ਦੇ ਕੱਟ ਉਹ ਕਿਤੋਂ ਇਨ੍ਹਾਂ ਦੇ ਢਿੱਡ ਭਰਨ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਝੋਨੇ ਦਾ ਸੀਜ਼ਨ ਆਉਂਦਾ ਹੈ ਤੇ ਕਿਉਂ ਪੀਐਸਪੀਸੀਐਲ ਵੱਲੋਂ ਅਗਾਂਹ ਪ੍ਰਬੰਧ ਨਹੀਂ ਕੀਤੇ ਗਏ।

NO COMMENTS