*ਬਿਜਲੀ ਖ਼ਪਤਕਾਰਾਂ ਨੂੰ ਝਟਕਾ! ਬਿੱਲ ਮੁਆਫ਼ੀ ਦਾ ਲਾਭ ਜ਼ਿਆਦਾਤਰ ਖ਼ਪਤਕਾਰਾਂ ਨੂੰ ਮਿਲਣਾ ਸੰਭਵ ਨਹੀਂ*

0
181

ਚੰਡੀਗੜ੍ਹ 04,ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼ ) : ਰਾਜ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਸਾਰੇ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ “31 ਦਸੰਬਰ, 2021 ਤੱਕ ਦੇ ਬਕਾਇਆ ਅਤੇ 30 ਜੂਨ, 2022 ਤੱਕ ਅਦਾ ਨਾ ਕੀਤੇ ਗਏ ਬਕਾਏ” ਨੂੰ ਮੁਆਫ਼ ਕਰਨ ਲਈ ਇੱਕ ਅਧਿਕਾਰਤ ਸਰਕੂਲਰ ਜਾਰੀ ਕੀਤਾ ਹੈ।ਖ਼ਪਤਕਾਰ ਉਮੀਦਾਂ ਲਗਾਈ ਬੈਠੇ ਸਨ ਕਿ ਆਉਣ ਵਾਲੇ ਬਿੱਲ ਮਾਈਨਸ ਵਿਚ ਆਉਣਗੇ ਅਤੇ ਉਹ ਪਾਵਰਕਾਮ ਤੋਂ ਲੈਣਦਾਰ ਬਣ ਜਾਣਗੇ, ਜਦਕਿ ਅਜਿਹਾ ਕੁਝ ਨਹੀਂ ਹੋਇਆ। ਇਸ ਵਿਚ ਵੀ ਸ਼ਰਤਾਂ ਰੱਖੀਆਂ ਗਈਆਂ ਹਨ ਕਿ ਜਨਰਲ ਕੈਟਾਗਿਰੀ ਦੇ ਖ਼ਪਤਕਾਰਾਂ ਦਾ ਬਿੱਲ 300 ਯੂਨਿਟ ਤੋਂ ਉਪਰ ਬਣਨ ’ਤੇ ਉਸ ਨੂੰ ਪੂਰੇ ਬਿੱਲ ਦੀ ਅਦਾਇਗੀ ਕਰਨੀ ਹੋਵੇਗੀ।

ਪੰਜਾਬ ਸਰਕਾਰ ਵੱਲੋਂ 31 ਦਸੰਬਰ 2021 ਤੱਕ ਦੇ ਬਿੱਲ ਮੁਆਫ਼ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ਦਾ ਸਰਕੁਲਰ ਬੁੱਧਵਾਰ ਜਾਰੀ ਕਰ ਦਿੱਤਾ ਗਿਆ। ਇਸ ਵਿਚ ਕਈ ਤਰ੍ਹਾਂ ਦੇ ਨਿਯਮ ਦੱਸੇ ਗਏ ਹਨ, ਜਿਸ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਬਿੱਲ ਮੁਆਫ਼ੀ ਦਾ ਲਾਭ ਜ਼ਿਆਦਾਤਰ ਖ਼ਪਤਕਾਰਾਂ ਨੂੰ ਮਿਲਣਾ ਸੰਭਵ ਨਹੀਂ ਹੋਵੇਗਾ। 

ਜਾਰੀ ਕੀਤੇ ਗਏ ਸਰਕੁਲਰ ਵਿਚ ਸਰਕਾਰ ਨੇ ਵੱਖੋ-ਵੱਖ ਨਿਯਮ ਰੱਖ ਦਿੱਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ 30 ਜੂਨ 2022 ਤੱਕ ਜਿੰਨਾ ਬਿੱਲ ਅਦਾ ਕੀਤਾ ਗਿਆ ਹੈ, ਉਹ ਰਾਸ਼ੀ 31 ਦਸੰਬਰ 2021 ਤੱਕ ਦੀ ਬਕਾਇਆ ਰਾਸ਼ੀ ਵਿਚ ਕੱਟੀ ਜਾਵੇਗੀ।ਹੁਣ ਜੋ ਨਿਯਮ ਸਾਹਮਣੇ ਆਇਆ ਹੈ, ਉਸ ਮੁਤਾਬਕ ਖ਼ਪਤਕਾਰ ਵੱਲੋਂ 30 ਜੂਨ 2022 ਤੱਕ ਅਦਾ ਕੀਤੀ ਗਈ ਰਾਸ਼ੀ ਨੂੰ 31 ਦਸੰਬਰ 2021 ਤੋਂ ਪਹਿਲਾਂ ਵਾਲੀ ਬਕਾਇਆ ਰਾਸ਼ੀ ਵਿਚੋਂ ਕੱਟ ਦਿੱਤਾ ਜਾਵੇਗਾ ਅਤੇ 1 ਜਨਵਰੀ ਤੋਂ ਬਾਅਦ ਵਾਲੇ ਬਿੱਲ ਅਦਾ ਕਰਨੇ ਪੈਣਗੇ। ਇਸ ਨਾਲ ਕਈ ਖ਼ਪਤਕਾਰਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ।

ਇਸ ਦਾ ਲਾਭ ਸਿਰਫ਼ ਉਨ੍ਹਾਂ ਖ਼ਪਤਕਾਰਾਂ ਨੂੰ ਮਿਲ ਸਕੇਗਾ, ਜਿਨ੍ਹਾਂ ਨੇ 31 ਦਸੰਬਰ ਤੋਂ 30 ਜੂਨ ਤੱਕ ਬਿੱਲ ਦਾ ਕੋਈ ਵੀ ਭੁਗਤਾਨ ਨਹੀਂ ਕੀਤਾ ਕਿਉਂਕਿ ਇਸ ਸਮਾਂ-ਹੱਦ ਵਿਚ ਜੋ ਵੀ ਭੁਗਤਾਨ ਹੋਇਆ ਹੈ, ਉਹ ਪੁਰਾਣੇ ਬਿੱਲਾਂ ਵਿਚ ਕੱਟਿਆ ਜਾਵੇਗਾ।  

ਚੋਣਾਂ ਤੋਂ ਪਹਿਲਾਂ, ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਕਾਇਆ ਬਿਜਲੀ ਬਿੱਲਾਂ ਦੀ ਮੁਆਫੀ ਤੋਂ ਇਲਾਵਾ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਪਿਛਲੇ ਮਹੀਨੇ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਹ ਸਕੀਮ ਜਲਦੀ ਹੀ ਲਾਗੂ ਹੋ ਜਾਵੇਗੀ ਅਤੇ ਬਕਾਇਆ ਬਿੱਲਾਂ ਵਾਲੇ ਸਾਰੇ ਘਰੇਲੂ ਖਪਤਕਾਰਾਂ ਨੂੰ ਲਾਭ ਮਿਲੇਗਾ।

ਸਰਕਾਰ ਨੇ ਸਿਰਫ ਰਿਹਾਇਸ਼ੀ ਉਦੇਸ਼ਾਂ ਲਈ ਬਿਜਲੀ ਦੀ ਵਰਤੋਂ ਕਰਨ ਵਾਲੇ ਘਰੇਲੂ ਖਪਤਕਾਰਾਂ ਲਈ ਬਿੱਲ ਮੁਆਫੀ ਬਾਰੇ ਸਾਰੇ ਮੁੱਖ ਇੰਜੀਨੀਅਰਾਂ ਨੂੰ ਸੂਚਿਤ ਕੀਤਾ। ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਛੋਟ ਵਿੱਚ ਘਰੇਲੂ ਸਪਲਾਈ ਲਈ ਟੈਰਿਫ ਦੇ ਅਨੁਸੂਚੀ ਵਿੱਚ ਸ਼ਾਮਲ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ, ਸਾਰੇ ਪੂਜਾ ਸਥਾਨਾਂ ਆਦਿ ਸਮੇਤ ਹੋਰ ਸਾਰੇ ਖਪਤਕਾਰਾਂ ਨੂੰ ਬਾਹਰ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here