*ਬਾਜ਼ੀਗਰਾਂ ਦੀ ਬਾਜ਼ੀ ਨੇ ਟਿੱਬਿਆਂ ਦੇ ਮੇਲੇ ’ਚ ਧਮਾਲਾਂ ਪਾਈਆਂ*

0
18

ਮਾਨਸਾ, 09 ਦਸੰਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਖੇਡ ਸਟੇਡੀਅਮ ਵਿਚ ਆਯੋਜਿਤ ਟਿੱਬਿਆਂ ਦੇ ਮੇਲੇ ਦੇ ਦੂਜੇ ਦਿਨ ਵੀ ਜਿੱਥੇ ਬਾਜ਼ੀਗਰਾਂ ਦੀ ਬਾਜ਼ੀ ਨੇ ਧਮਾਲਾਂ ਪਾ ਕੇ ਮੇਲਾ ਵੇਖਣ ਆਏ ਦਰਸ਼ਕਾਂ ਦਾ ਮਨ ਮੋਹਿਆ ਉੱਥੇ ਹੀ ਦਰਸ਼ਕਾਂ ਨੇ ਤਾੜੀਆਂ ਨਾਲ ਬਾਜ਼ੀਗਰਾਂ ਦੀ ਕਲਾ ਦੀ ਹੌਂਸਲਾ ਅਫਜ਼ਾਈ ਕੀਤੀ। ਪੰਜਾਬ ਦੀ ਪੁਰਾਤਨ ਸੱਭਿਅਤਾ ਨਾਲ ਜੁੜੀ ਖੇਡ ਬਾਜ਼ੀਗਰਾਂ ਦੀ ਬਾਜ਼ੀ ਨਾਲ ਜੁੜੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਦੇ ਵਿਚ ਵੱਖ ਵੱਖ ਬਾਜ਼ੀਗਰਾਂ ਵੱਲੋਂ ਦੇਸ਼ ਭਰ ਵਿਚ ਲੱਗਣ ਵਾਲੇ ਮੇਲਿਆਂ ਵਿਚ ਸ਼ਮੂਲੀਅਤ ਕੀਤੀ ਜਾਂਦੀ ਹੈ।
ਜੋਗਿੰਦਰ ਸਿੰਘ ਦੇ ਦੱਸਣ ਮੁਤਾਬਿਕ ਕਲਾਗ੍ਰਾਮ ਸਰਸ ਮੇਲਾ, ਕੁਰੂਕਸ਼ੇਤਰ ਦੀ ਗੀਤਾ ਜਯੰਤੀ ਆਦਿ ਮੇਲਿਆਂ ਵਿਚ ਆਪਣੇ ਹੁਨਰ ਨਾਲ ਲੋਹੇ ਦਾ 4 ਸੂਤ ਦੇ ਸਰੀਏ ਨੂੰ ਆਪਣੇ ਗਲੇ ਦੇ ਬਲ ਨਾਲ ਮੋੜ ਦੇਣਾ, 12 ਫੁੱਟ ਗਾਡਰ ਨੂੰ ਦੰਦਾਂ ਨਾਲ ਚੁੱਕ ਕੇ ਪਿਛਾਂਹ ਨੂੰ ਸੁੱਟਣਾ ਅਤੇ ਪੌੜੀ ਮੰਜੇ ਵਾਲੀ ਛਾਲ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਟੀਮ ’ਚ ਸ਼ਾਮਲ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਜੱਦੀ ਪੁਸ਼ਤਾਨੀ ਕਿੱਤਾ ਹੈ ਤੇ ਇਹੀ ਰੋਜ਼ੀ ਰੋਟੀ ਦਾ ਸਾਧਨ ਹੈ।
ਧਰਮਿੰਦਰ ਸਿੰਘ, ਮਨਦੀਪ ਸਿੰਘ, ਸੁਖਚੈਨ ਸਿੰਘ, ਰਾਜਵਿੰਦਰ ਸਿੰਘ, ਪੱਪੂ ਮੱਕਾਸਰ ਅਤੇ ਗੁਰਪ੍ਰੀਤ ਸਿੰਘ ਨੇ ਟਿੱਬਿਆਂ ਦੇ ਮੇਲੇ ਵਿਚ ਆਪਣੀ ਪ੍ਰਤਿਭਾ ਦਿਖਾਉਂਦਿਆਂ ‘ਬਾਜ਼ੀਆਂ ਪੈਂਦੀਆਂ ਨੇ ਘਿਉ ਬਦਾਮ ਖਾ ਕੇ, ਆਲੂਆਂ ਦੇ ਪਰੌਂਠੇ ਖਾ ਕੇ ਛਾਲਾਂ ਨਹੀਂ ਲੱਗਦੀਆਂ’ ਸਲੋਗਨ ਬੋਲਦਿਆਂ ਸਰੀਰਿਕ ਤੰਦਰੁਸਤੀ ਦਾ ਸੁਨੇਹਾ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਕਲਾ ਆਪਣੇ ਪੁਰਖਿਆਂ ਤੋਂ ਸਿੱਖੀ ਹੈ। ਬਾਜ਼ੀਗਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਸ ਕਲਾ ਵਿਚ ਪੀੜ੍ਹੀ ਦਰ ਪੀੜ੍ਹੀ ਕੰਮ ਕਰ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਮੇਲੇ ਅੰਦਰ ਖਾਣ ਪੀਣ, ਰਹਿਣ ਸਹਿਣ ਸਮੇਤ ਜੋ ਸੁਵਿਧਾਵਾਂ ਉਨ੍ਹਾਂ ਨੂੰ ਇਥੇ ਮਿਲੀਆਂ ਹਨ, ਉਹ ਕਾਬਿਲੇ ਤਾਰੀਫ ਹਨ।

LEAVE A REPLY

Please enter your comment!
Please enter your name here