ਬਾਲ ਸਾਹਿਤ ਦੇ ਖੇਤਰ ‘ਚ ਡਾ.ਕਮਲਜੀਤ ਕੌਰ ਨੇ ਕੀਤੀ ਡਾਕਟਰੇਟ ਦੀ ਡਿਗਰੀ ਬਾਲ ਸਾਹਿਤ ਦੇ ਖੇਤਰ ‘ਚ ਡਾ.ਕਮਲਜੀਤ ਕੌਰ ਨੇ ਕੀਤੀ ਡਾਕਟਰੇਟ ਦੀ ਡਿਗਰੀ

0
20

ਮਾਨਸਾ 19 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ)) ਐੱਸ.ਡੀ. ਕੰਨਿਆਂ ਮਹਾਂਵਿਦਿਆਲਾ ਮਾਨਸਾ ਵਿਖੇ ਪੰਜਾਬੀ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਡਾ. ਕਮਲਜੀਤ ਕੌਰ ਨੇ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ) ਤੋਂ ਬਾਲ ਸਾਹਿਤ ਦੇ ਖੇਤਰ ਵਿਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਦੁਆਰਾ ਰਚਿਤ ਪੰਜਾਬੀ ਬਾਲ ਸਾਹਿਤ ਨੂੰ ਆਧਾਰ ਬਣਾ ਕੇ ‘ਡਾ. ਦਰਸ਼ਨ ਸਿੰਘ ਆਸ਼ਟ ਰਚਿਤ ਬਾਲ ਸਾਹਿਤ ਦਾ ਵਿਸ਼ਾਗਤ ਅਧਿਐਨ’ ਸਿਰਲੇਖ ਅਧੀਨ ਪੀਐੱਚ.ਡੀ. ਦੀ ਡਿਗਰੀ ਲਈ ਆਪਣਾ ਖੋਜ ਕਾਰਜ ਸੰਪੰਨ ਕੀਤਾ ਹੈ।ਡਾ. ਧਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਖੋਜ ਕਾਰਜ ਸੰਪੰਨ ਕਰਨ ਵਾਲੀ ਇਸ ਖੋਜਾਰਥਣ ਅਨੁਸਾਰ ਇਹ ਖੋਜ ਕਾਰਜ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਅਤੇ ਦਿੱਲੀ ਦੀ ਕਿਸੇ ਵੀ ਯੂਨੀਵਰਸਿਟੀ ਵਿਚ ਕਿਸੇ ਪੰਜਾਬੀ ਲੇਖਕ ਦੇ ਬਾਲ ਸਾਹਿਤ ਨੂੰ ਆਧਾਰ ਬਣਾ ਕੇ ਕੀਤਾ ਗਿਆ ਪੀਐੱਚ.ਡੀ. ਪੱਧਰ ਦਾ ਪਹਿਲਾ ਖੋਜ ਕਾਰਜ ਹੈ।ਬੀਤੇ ਦਿਨੀਂ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ) ਵਿਖੇ ਆਯੋਜਿਤ ਸਾਲਾਨਾ ਡਿਗਰੀ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਂਧਰਾ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਵਿਸ਼ਵਭੂਸ਼ਨ ਹਰੀਚੰਦਨ ਅਤੇ ਡਾ. ਜੋਰਾ ਸਿੰਘ, ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵੱਲੋਂ ਪ੍ਰਦਾਨ ਕੀਤੀ ਗਈ।ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਡਾ. ਕਮਲਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਬਾਲ ਸਾਹਿਤ ਨਾਲ ਵਿਸੇਸ਼ ਲਗਾਵ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਇਸ ਅਣਗੌਲੇ ਖੇਤਰ ਵਿਚ ਡਾਕਟਰੇਟ ਦੀ ਡਿਗਰੀ ਕਰਕੇ ਉਸ ਨੂੰ ਮਾਣ ਅਤੇ ਤਸੱਲੀ ਮਹਿਸੂਸ ਹੋ ਰਹੀ ਹੈ।ਇਸ ਖੋਜ ਕਾਰਜ ਨੂੰ ਸੰਪੰਨ ਕਰਨ ਸੰਬੰਧੀ ਉਨ੍ਹਾਂ ਨੇ ਆਪਣੇ ਨਿਗਰਾਨ ਡਾ. ਧਰਮਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਸੁਯੋਗ ਅਗਵਾਈ ਵਿਚ ਇਹ ਖੋਜ ਕਾਰਜ ਸੰਪੰਨ ਹੋਣਾ ਸੰਭਵ ਹੋਇਆ ਹੈ।

LEAVE A REPLY

Please enter your comment!
Please enter your name here