*ਬਾਲ ਮਜ਼ਦੂਰੀ ਰੋਕਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵੱਖ ਵੱਖ ਥਾਵਾਂ ’ਤੇ ਚੈਕਿੰਗ*

0
135

ਮਾਨਸਾ,  26 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਾਲ ਮਜ਼ਦੂਰੀ ਨੂੰ ਰੋਕਣ ਅਤੇ ਬੱਚਿਆਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮਾਨਸਾ ਵਿਖੇ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵੱਖ ਵੱਖ ਥਾਈਂ ਚੈਕਿੰਗ ਕੀਤੀ ਗਈ।
ਚੈਕਿੰਗ ਟੀਮ ਦੇ ਮੈਂਬਰ ਪਰਦੀਪ ਗੁਲਾਟੀ ਲੇਬਰ ਇਨਸਪੈਕਟਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਇਸ ਮੁਹਿੰਮ ਦੇ ਅਸਰਦਾਰ ਪ੍ਰਭਾਵ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸਾਰੇ ਛੋਟੇ ਤੇ ਵੱਡੇ ਵਪਾਰਕ ਅਦਾਰਿਆਂ ਜਿਵੇਂ ਫੈਕਟਰੀਆਂ, ਢਾਬਿਆਂ, ਉਦਯੋਗਾਂ, ਹੋਟਲਾਂ, ਦੁਕਾਨਾਂ, ਭੱਠਿਆਂ, ਉਸਾਰੀ ਸਥਾਨਾਂ ਆਦਿ ਵਿਖੇ ਅਚਨਚੇਤ ਛਾਪਾਮਾਰੀ ਕਰਕੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਟੀਮਾਂ ਸਰਗਰਮ ਹਨ।
ਲੇਬਰ ਇੰਸਪੈਕਟਰ ਨੇ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਵਪਾਰੀ ਜਾਂ ਦੁਕਾਨਦਾਰ ਬਾਲ ਮਜ਼ਦੂਰੀ ਕਰਵਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ‘ਦੀ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹੀਬਿਸ਼ਨ ਐਂਡ ਰੈਗੂਲੇਸ਼ਨ) ਐਕਟ 1986’ ਅਤੇ ‘ਜੁਵੇਨਾਈਲ ਜਸਟਿਸ ਐਕਟ 2015’ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਕਾਊਂਸਲਰ ਰਜਿੰਦਰ ਵਰਮਾ ਨੇ ਦੱਸਿਆ ਕਿ ਚੌਕਸੀ ਟੀਮ ਵੱਲੋਂ ਸ਼ਹਿਰ ਮਾਨਸਾ ਦੇ ਵੱਖ ਵੱਖ ਬਜ਼ਾਰਾਂ ਵਿੱਚ ਅਤੇ ਦੁਕਾਨਾਂ ’ਤੇ 18 ਸਾਲ ਤੋਂ ਘੱਟ ਉਮਰ ਵਾਲੇ ਕੰਮ ਕਰ ਰਹੇ ਬਾਲ ਅਤੇ ਕਿਸ਼ੋਰ ਬੱਚਿਆਂ ਦੀ ਭਾਲ ਕਰਨ ਲਈ ਚੈਕਿੰਗ ਕੀਤੀ ਗਈ ਅਤੇ ਸਬੰਧਤ ਦੁਕਾਨਦਾਰਾਂ ਕੋਲ ਉਪਲੱਬਧ ਆਧਾਰ ਕਾਰਡ ਵਾਚਦਿਆਂ ਉਮਰ ਦੀ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਸ਼ਹਿਰ ਤੋਂ ਬਾਹਰ ਵੱਖ ਵੱਖ ਹੋਟਲਾਂ, ਰੈਸਟੋਰੈਂਟਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਪੁਲਿਸ ਵਿਭਾਗ ਤੋ ਮਾਲਵਿੰਦਰ ਸਿੰਘ ਤੇ ਗਗਨਦੀਪ ਸਿੰਘ, ਸਿੱਖਿਆ ਵਿਭਾਗ ਤੋ ਰਾਕੇਸ਼ ਕੁਮਾਰ ਹਰਪ੍ਰੀਤ ਕੋਰ ਅਤੇ ਹੋਰ ਟੀਮ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here