ਮਾਨਸਾ, 01 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਲ ਭਲਾਈ ਕਮੇਟੀ ਮਾਨਸਾ ਦੀ ਤਿਮਾਹੀ ਰੀਵਿਊ ਮੀਟਿੰਗ ਹੋਈ।ਮੀਟਿੰਗ ਦੌਰਾਨ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਸ਼ਾਈਨਾ ਕਪੂਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਸਰੀਰਕ ਸ਼ੋਸ਼ਣ ਸਬੰਧੀ 06, ਆਰਥਿਕ ਸਹਾਇਤਾ ਸਬੰਧੀ 02, ਚਾਈਲਡ ਮੈਰਿਜ ਸਬੰਧੀ 06 ਅਤੇ ਚਾਈਲਡ ਲੇਵਰ ਸਬੰਧੀ 02 ਕੇਸ ਡੀਲ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਬਾਲ ਮਜ਼ਦੂਰੀ ਦੇ ਕੇਸਾਂ ਸਬੰਧੀ ਕਾਰਵਾਈ ਕਰਦੇ ਹੋਏ ਬੱਚਿਆਂ ਤੋਂ ਕੰਮ ਕਰਵਾਉਣ ਵਾਲਿਆਂ ਦੇ ਖਿਲਾਫ ਜੁਵੇਨਾਈਲ ਜ਼ਸਟਿਸ ਐਕਟ ਅਤੇ ਚਾਈਲਡ ਲੇਵਰ ਐਕਟ ਤਹਿਤ ਐਫ.ਆਈ.ਆਰ. ਦਰਜ ਕਰਵਾਈ ਗਈ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕੀਤਾ ਗਿਆ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਬਾਲ ਸੁਰੱਖਿਆ ਦਫਤਰ ਵੱਲੋ ਸਮੇਂ-ਸਮੇਂ ਦੌਰਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਹਰ ਮਹੀਨੇ ਲੇਬਰ ਇੰਸਪੈਕਟਰ ਦੇ ਸਹਿਯੋਗ ਨਾਲ ਬਾਲ ਮਜ਼ਦੂਰੀ ਸਬੰਧੀ ਰੇਡਾਂ ਕੀਤੀਆਂ ਜਾਂਦੀਆਂ ਹਨ, ਤਾਂ ਜੋ ਸਮਾਜ ਵਿੱਚ ਬੱਚਿਆਂ ਪ੍ਰਤੀ ਵਧੀਆ ਮਾਹੌਲ ਬਣ ਸਕੇ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਪਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਯਕੀਨੀ ਬਣਾਇਆ ਗਿਆ ਕਿ ਭਵਿੱਖ ਵਿੱਚ ਬੱਚਿਆਂ ਪ੍ਰਤੀ ਕੰਮ ਕਰਦੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਦੇ ਹੋਏ ਬੱਚਿਆਂ ਪ੍ਰਤੀ ਹੋਰ ਸੁਰੱਖਿਅਤ ਸਮਾਜ ਦੀ ਸਿਰਜਣਾ ਕੀਤੀ ਜਾਵੇਗੀ।
ਮੀਟਿੰਗ ਵਿੱਚ ਪ੍ਰੋਟੈਕਸ਼ਨ ਅਫ਼ਸਰ ਡਾ. ਅਜੈ ਤਾਇਲ, ਲੇਬਰ ਇੰਸਪੈਕਟਰ ਸ਼੍ਰੀ ਅਜੈਬ ਸਿੰਘ, ਮੈਂਬਰ ਬਾਲ ਭਲਾਈ ਕਮੇਟੀ ਬਲਦੇਵ ਰਾਜ ਕੱਕੜ, ਬਾਬੂ ਸਿੰਘ ਮਾਨ, ਅੰਜਨਾ ਕੁਮਾਰੀ ਤੋਂ ਇਲਾਵਾ ਬਲਜੀਤ ਸਿੰਘ ਮੌਜੂਦ ਸਨ।
I/