*ਬਾਰਸ਼ ਨਾਲ ਫਸਲ ਦੇ ਨੁਕਸਾਨ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ: ਬ੍ਰਹਮ ਸ਼ੰਕਰ ਜਿੰਪਾ*

0
90

 (ਸਾਰਾ ਯਹਾਂ/ ਮੁੱਖ ਸੰਪਾਦਕ ): ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਬਾਰਸ਼ ਨਾਲ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਇਸ ਦੀ ਗਿਰਦਾਵਰੀ ਕਰਵਾਈ ਜਾਏਗੀ। ਫਸਲ ਦੇ ਨੁਕਸਾਨ ਦਾ ਅਸੀਂ ਕਿਸਨਾਂ ਨੂੰ ਮੁਆਵਜ਼ਾ ਦੇਵਾਂਗੇ।

ਦੱਸ ਦਈਏ ਕਿ ਪੰਜਾਬ ਭਰ ਵਿੱਚ ਮੀਂਹ ਕਾਰਨ 1.50 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਹੈ। ਪੰਜਾਬ ਵਿੱਚ ਝੋਨੇ ਦੀ ਫ਼ਸਲ ਦਾ ਸਭ ਤੋਂ ਵੱਧ ਨੁਕਸਾਨ ਪਟਿਆਲਾ, ਮਾਨਸਾ, ਮੁਕਤਸਰ, ਫਤਿਹਗੜ੍ਹ ਸਾਹਿਬ, ਮੁਹਾਲੀ, ਨਵਾਂਸ਼ਹਿਰ, ਕਪੂਰਥਲਾ, ਤਰਨਤਾਰਨ, ਸੰਗਰੂਰ ਆਦਿ ਜ਼ਿਲ੍ਹਿਆਂ ਵਿੱਚ ਹੋਇਆ ਹੈ। ਇੱਥੇ ਪਿਛਲੇ ਪੰਜ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਕਿਸਾਨਾਂ ਵੱਲੋਂ ਮੰਡੀ ਵਿੱਚ ਭੇਜੀ ਜਾਣ ਵਾਲੀ ਖੜ੍ਹੀ ਫ਼ਸਲ ਨੂੰ ਪਾਣੀ ਨਾਲ ਧੋ ਦਿੱਤਾ ਹੈ, ਉੱਥੇ ਹੀ ਕਿਸਾਨਾਂ ਦੀ ਮਿਹਨਤ ਨੂੰ ਵੀ ਬਰਬਾਦ ਕਰ ਦਿੱਤਾ ਹੈ।

ਪੰਜਾਬ ਵਿੱਚ ਸਾਉਣੀ ਦੇ ਸੀਜ਼ਨ ਦੌਰਾਨ ਤਕਰੀਬਨ 30.84 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਹੋਈ ਸੀ। ਸਭ ਤੋਂ ਵੱਧ ਝੋਨੇ ਦੇ ਫਲ ਮਾਲਵਾ ਖੇਤਰ ਵਿੱਚ ਬੀਜੇ ਗਏ ਸਨ, ਜਦੋਂ ਕਿ ਦੋਆਬੇ ਦੇ ਨਵਾਂਸ਼ਹਿਰ ਤੇ ਕਪੂਰਥਲਾ ਦੇ ਕੁਝ ਰਕਬੇ ਵਿੱਚ ਹੀ ਬਿਜਾਈ ਹੋਈ ਹੈ। ਮਾਝੇ ਵਿਚ ਵੀ ਤਰਨਤਾਰਨ ਤੇ ਗੁਰਦਾਸਪੁਰ ਦੇ ਕੁਝ ਇਲਾਕਿਆਂ ਵਿੱਚ ਝੋਨੇ ਦੀ ਬਿਜਾਈ ਹੋਈ। ਬਾਸਮਤੀ ਜ਼ਿਆਦਾਤਰ ਮਾਲਵਾ ਖੇਤਰ ਵਿੱਚ ਬੀਜੀ ਜਾਂਦੀ ਹੈ ਤੇ ਇਹ ਜ਼ਿਆਦਾਤਰ ਉੱਥੇ ਹੀ ਬੀਜੀ ਜਾਂਦੀ ਸੀ। ਬਾਸਮਤੀ ਇੱਕ ਅਗੇਤੀ ਫ਼ਸਲ ਹੈ, ਇਸ ਲਈ ਇਹ ਪੱਕਣ ਲਈ ਪੂਰੀ ਤਰ੍ਹਾਂ ਤਿਆਰ ਸੀ, ਮੀਂਹ ਨੇ ਇਸ ‘ਤੇ ਡੂੰਘਾ ਪ੍ਰਭਾਵ ਪਾਇਆ ਹੈ।

ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਲੋਕਾਂ ਨੇ ਫ਼ਸਲੀ ਵਿਭਿੰਨਤਾ ਨੂੰ ਅਪਣਾ ਕੇ ਅਗੇਤੀ ਆਲੂਆਂ ਦੀ ਬਿਜਾਈ ਕੀਤੀ ਹੈ। ਪਰ ਮੀਂਹ ਨੇ ਸਭ ਕੁਝ ਬਰਬਾਦ ਕਰ ਦਿੱਤਾ, ਜਲੰਧਰ ਤੇ ਹੁਸ਼ਿਆਰਪੁਰ ਦੇ 60 ਫੀਸਦੀ ਰਕਬੇ ਵਿੱਚ ਇਸ ਵਾਰ ਕਿਸਾਨਾਂ ਨੇ ਆਲੂਆਂ ਦੀ ਅਗੇਤੀ ਫ਼ਸਲ ਬੀਜੀ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪ੍ਰਤੀ ਏਕੜ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਮੀਂਹ ਕਾਰਨ ਝੋਨੇ ਦੀ ਪੰਜਾਹ ਫੀਸਦੀ ਤੋਂ ਵੱਧ ਫਸਲ ਬਰਬਾਦ ਹੋ ਗਈ ਹੈ। ਇਸ ਕਾਰਨ ਮਾਲਵਾ ਖੇਤਰ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਉਂਕਿ ਝੋਨੇ ਦੀ ਸਭ ਤੋਂ ਵੱਧ ਪੈਦਾਵਾਰ ਮਾਲਵਾ ਖੇਤਰ ਵਿੱਚ ਹੁੰਦੀ ਹੈ। ਬਾਸਮਤੀ ਦੀ ਫਸਲ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬਰਸਾਤ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਨੂੰ ਸਮੇਂ ਸਿਰ ਮੁਆਵਜ਼ਾ ਦਿੱਤਾ ਜਾਵੇ।

NO COMMENTS