
ਬਰਨਾਲਾ, 30 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ. ਬੀ. ਐੱਸ. ਈ. ਵੱਲੋਂ ਅਧਿਆਪਕਾਂ ਲਈ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ।
ਮਸ਼ਹੂਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ. ਬੀ. ਐੱਸ. ਈ. ਵੱਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਬੀ. ਜੀ. ਐੱਸ. ਗਰੁੱਫ ਆਫ ਸਕੂਲਜ ਦੇ ਮਹਿਲ ਕਾਲਾਂ ਅਤੇ ਭਦੌੜ ਸਮੇਤ ਸਾਰੀਆਂ ਸ਼ਾਖਾਵਾਂ ਦੇ ਅਧਿਆਪਕਾਂ ਨੇ ਸ਼ਿਰਕਿਤ ਕੀਤੀ ਅਤੇ ਗਿਆਨ ਵਿੱਚ ਵਾਧਾ ਕੀਤਾ। ਜਿਸ ਵਿੱਚ ਸੀ. ਬੀ. ਐੱਸ. ਈ. ਦੇ ਰਿਸੋਰਸ ਪਰਸਨ ਡਾਕਟਰ ਪਰਮਿੰਦਰ ਕੌਰ (ਪ੍ਰਿੰਸੀਪਲ ਡੀ. ਐੱਮ. ਪਬਲਿਕ ਸੀ. ਸੈਂਕੰ. ਸਕੂਲ ਕਰਿਆੜ ਵਾਲਾ) ਅਤੇ ਮੈਡਮ ਊਰਵਸ਼ੀ ਭਾਟੀਆ ਫਰੀਲੈਂਸਰ ਪਹੁੰਚੇ ਹੋਏ ਸਨ । ਉਹਨਾਂ ਨੇ ਆਪਣੇ ਭਾਸ਼ਣ ਵਿੱਚ ਨਿੱਜੀ ਤਜ਼ਰਬਿਆਂ ਬਾਰੇ ਜਾਣਕਾਰੀ ਦੇ ਨਾਲ ਨਾਲ ਕੌਮੀ ਸਿੱਖਿਆ ਨੀਤੀ 2020 ਅਨੁਸਾਰ ਹਰੇਕ ਵਿਦਿਆਰਥੀ ਦੇ ਅਕਾਦਮਿਕ ਤੇ ਅਣ- ਅਕਾਦਮਿਕ ਦੋਵਾਂ ਖੇਤਰਾਂ ਵਿੱਚ ਸਰਬੰਗੀ ਵਿਕਾਸ ਲਈ ਅਧਿਆਪਕਾਂ ਅਤੇ ਮਾਪਿਆਂ ਦੋਵਾਂ ਨੂੰ ਸੰਵੇਦਨਸ਼ੀਲ ਬਣਾ ਕੇ ਹਰੇਕ ਵਿਦਿਆਰਥੀ ਦੀਆਂ ਨਿਵੇਕਲੀਆਂ ਸਮਰਥਾਵਾਂ ਦੀ ਪਛਾਣ, ਨਿਸ਼ਾਨਦੇਹੀ, ਅਤੇ ਪਾਲਣ-ਪੋਸ਼ਣ ਕਰਨਾ ਅਤੇ ਹਰ ਬੱਚੇ ਵੱਲ ਧਿਆਨ ਦੇਣ ਤੇ ਸਿਖਲਾਈ ਲਈ ਹੁਨਰ ਵਿਕਸਿਤ ਕਰਨ ਲਈ ਰਣਨੀਤੀਆਂ ਬਣਾਉਣ ‘ਤੇ ਜ਼ੋਰ ਦਿੱਤਾ। ਸੈਸ਼ਨ ਜਾਣਕਾਰੀ ਭਰਪੂਰ ਸੀ ਅਤੇ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਗਈਆਂ। ਇਸ ਪ੍ਰੋਗਰਾਮ ਵਿੱਚ 60 ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਅੰਤ ਵਿੱਚ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਜੀ ਨੇ ਆਏ ਹੋਏ ਮਹਿਮਾਨਾਂ ਵੱਲੋਂ ਵੱਖ ਵੱਖ ਖੇਤਰ ‘ਚ ਪਾਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਸਾਰੇ ਅਧਿਆਪਕਾਂ ਨੂੰ ਇਸ ਸ਼ੈਸਨ ਦੋਰਾਨ ਲਈ ਗਈ ਜਾਣਕਾਰੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਟਰੱਸਟੀ ਮੈਂਬਰ, ਐੱਮ ਡੀ ਸਰਦਾਰ ਰਣਪ੍ਰੀਤ ਸਿੰਘ ਰਾਏ, ਵਾਇਸ ਪ੍ਰਿੰਸੀਪਲ ਮੈਡਮ ਸੁਮਨ ਅਤੇ ਸਟਾਫ ਹਾਜਰ ਸੀ।
