
ਚੰਡੀਗੜ੍ਹ, 5 ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ): ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਦੀ ਉਸਾਰੀ ਲਈ ਸਾਲ 2015 ਵਿੱਚ 601.56 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਸੀ।
ਪੰਜਾਬ ਵਿਧਾਨ ਸਭਾ ਵਿੱਚ ਚਲ ਰਹੇ ਬਜਟ ਇਜਲਾਸ ਦੇ ਪੰਜਵੇਂ ਦਿਨ ਧਿਆਨ ਦਿਵਾਊ ਮਤੇ ਦੇ ਜਵਾਬ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਇਨ੍ਹਾਂ ਫ਼ੰਡਾਂ ਨਾਲ ਇਸ ਪ੍ਰਾਜੈਕਟ ਵਿੱਚ 3 ਪਵੇਲੀਅਨ ਬਲਾਕ, ਦਰਸ਼ਕਾਂ ਲਈ ਗੈਲਰੀ, ਲੜਕੇ/ਲੜਕੀਆਂ ਲਈ ਵੱਖ-ਵੱਖ ਚੇਂਜਿੰਗ ਰੂਮ ਅਤੇ ਬਾਥਰੂਮ ਦੀ ਉਸਾਰੀ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਖਿਡਾਰੀਆਂ ਵੱਲੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਵਿੱਚ ਕੁਝ ਖੇਡ ਗਰਾਊਂਡਾਂ ਦਾ ਕੰਮ ਰਕਮੀ 38.31 ਲੱਖ ਰੁਪਏ ਮੁਕੰਮਲ ਕਰਨ ਵਾਲਾ ਰਹਿੰਦਾ ਹੈ। ਪਿਛਲੇ ਸਮੇਂ ਦੌਰਾਨ ਫ਼ੰਡਾਂ ਦੀ ਸਥਿਤੀ ਸੁਖਾਲੀ ਨਾ ਹੋਣ ਕਾਰਨ ਇਹ ਕੰਮ ਨਹੀਂ ਕਰਵਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਸਾਲ 2021-22 ਵਿੱਚ ਫ਼ੰਡਾਂ ਦੀ ਉਪਲਬਧਾ ਅਨੁਸਾਰ ਪੂਰਾ ਕਰਨ ਦਾ ਹਰ ਉਪਰਾਲਾ ਕੀਤਾ ਜਾਵੇਗਾ।
ਵਿਧਾਇਕ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੁੱਛਿਆ ਸੀ ਕਿ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਦਾ ਕੰਮ ਅਧੂਰਾ ਪਿਆ ਹੈ। ਸਥਾਨਕ ਖਿਡਾਰੀਆਂ ਨੂੰ ਆਪਣੀ ਪ੍ਰੈਕਟਿਸ ਕਰਨ ਲਈ ਸੰਗਰੂਰ ਵਿਖੇ ਜਾਣਾ ਪੈਂਦਾ ਹੈ, ਜੋ ਹਰੇਕ ਖਿਡਾਰੀ ਲਈ ਮੁਮਕਿਨ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਸੀ ਕਿ ਸਥਾਨਕ ਖਿਡਾਰੀਆਂ ਦੀ ਇਸ ਮੁਸ਼ਕਿਲ ਦਾ ਹੱਲ ਪਹਿਲ ਦੇ ਅਧਾਰ `ਤੇ ਕੀਤਾ ਜਾਵੇ।
—————-
