ਚੰਡੀਗੜ੍ਹ 25 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪਿੰਡ ਬਾਦਲ ਵਿੱਚ ਕੋਰੋਨਾ ਦੀ ਦਹਿਸ਼ਤ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਰਿਹਾਇਸ਼ ’ਤੇ ਕਰੋਨਾ ਵਾਇਰਸ ਕਹਿਰ ਬਣ ਟੁੱਟਿਆ ਹੈ। ਬਾਦਲ ਪਰਿਵਾਰ ਦੀ ਸੁਰੱਖਿਆ ਦੇ 17 ਮੈਂਬਰਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਨ੍ਹਾਂ ਵਿੱਚ ਐਸਪੀ (ਸੁਰੱਖਿਆ) ਵੀ ਸ਼ਾਮਲ ਹੈ। ਇਸ ਮਗਰੋਂ ਸਿਹਤ ਵਿਭਾਗ ਨੇ ਬਾਦਲਾਂ ਦੀ ਰਿਹਾਇਸ਼ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ’ਚ ਤਬਦੀਲ ਕਰ ਦਿੱਤਾ ਹੈ।
ਦਰਅਸਲ ਸੋਮਵਾਰ ਨੂੰ ਸੀਆਈਐਸਐਫ਼ ਦੇ 10 ਮੁਲਾਜ਼ਮ ਕਰੋਨਾ ਪੌਜ਼ੇਟਿਵ ਆਏ ਹਨ। ਇਨ੍ਹਾਂ ਦੇ ਸੈਂਪਲ 21 ਅਗਸਤ ਨੂੰ ਲਏ ਗਏ ਸੀ। ਇਸ ਤੋਂ ਪਹਿਲਾਂ ਸੱਤ ਮੁਲਾਜ਼ਮ ਪਹਿਲਾਂ ਹੀ ਕੋਰੋਨਾ ਪੀੜਤ ਹਨ। ਨਵੇਂ ਮਾਮਲਿਆਂ ਸਮੇਤ ਇੱਥੇ ਤਾਇਨਾਤ ਅਮਲੇ ‘ਚੋਂ ਐਸਪੀ (ਸੁਰੱਖਿਆ) ਸਮੇਤ 17 ਜਣੇ ਕਰੋਨਾ ਦੀ ਮਾਰ ਹੇਠ ਹਨ। ਅਜੇ ਕਰੀਬ ਚਾਰ ਦਰਜਨ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਦੱਸ ਦਈਏ ਕਿ ਬਾਦਲਾਂ ਦੀ ਰਿਹਾਇਸ਼ ’ਤੇ 18 ਅਗਸਤ ਨੂੰ ਸੀਆਈਐਸਐਫ਼ ਦੀ ਮਹਿਲਾ ਸਬ ਇੰਸਪੈਕਟਰ ਤੇ ਰਸੋਈਏ ਦੇ ਪੌਜ਼ੇਟਿਵ ਆਉਣ ਨਾਲ ਕਰੋਨਾ ਨੇ ਦਸਤਕ ਦਿੱਤੀ ਸੀ। ਸਾਬਕਾ ਮੁੱਖ ਮੰਤਰੀ ਰਿਹਾਇਸ਼ ’ਤੇ ਤਾਇਨਾਤ ਸੀਆਈਐਸਐਫ਼ ਮੁਲਾਜ਼ਮ ਦੀ ਠਹਿਰ ਪਾਵਰਕੌਮ ਬਾਦਲ ਦੇ ਰੈਸਟ ਹਾਊਸ ਵਿੱਚ ਹੈ।