
ਚੰਡੀਗੜ੍ਹ 12 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਰਾਜਸਥਾਨ ‘ਚ ਕਾਂਗਰਸ ਅੰਦਰੂਨੀ ਵਿਵਾਦ ਖ਼ਤਮ ਹੋ ਗਿਆ ਹੈ। ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨਾਲ ਗੱਲਬਾਤ ਤੋਂ ਬਾਅਦ ਸਚਿਨ ਪਾਇਲਟ ਦੀ ਘਰ ਵਾਪਸੀ ਹੋ ਗਈ ਹੈ। ਪਰ ਹੁਣ ਪੰਜਾਬ ਕਾਂਗਰਸ ‘ਚ ਝਗੜਾ ਤੂੰ-ਤੂੰ ਮੈਂ-ਮੈਂ ਤੱਕ ਪਹੁੰਚ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਐਮਪੀ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਹਟਾਉਣ ਤੋਂ ਬਾਅਦ ਇਹ ਮਾਮਲਾ ਵਧਦਾ ਜਾ ਰਿਹਾ ਹੈ।
ਪ੍ਰਤਾਪ ਬਾਜਵਾ ਵਲੋਂ ਕੈਪਟਨ ‘ਤੇ ਆਪਸੀ ਭੜਾਸ ਕੱਢਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ, ਜਦਕਿ ਕੈਪਟਨ ਵਲੋਂ ਇਸ ਨੂੰ ਮਹਿਜ਼ ਇੱਕ ਸਮੀਖਿਆ ਦੇ ਅਧਾਰ ‘ਤੇ ਇਕ ਨਿਯਮਤ ਅਭਿਆਸ ਦੱਸਿਆ ਜਾ ਰਿਹਾ ਹੈ।
ਹੁਣ ਪ੍ਰਤਾਪ ਬਾਜਵਾ ਨੇ ਇਸ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਦੇ ਜਵਾਬ ‘ਚ ਕੈਪਟਨ ਨੇ ਕਿਹਾ ਕਿ ਬਾਜਵਾ ਦੀ ਸੁਰੱਖਿਆ ਵਾਪਿਸ ਲੈਣ ਦਾ ਫੈਸਲਾ ਉਨ੍ਹਾਂ ਦਾ ਸੀ। ਡੀਜੀਪੀ ‘ਤੇ ਹਮਲਾ ਕਰਨ ਦੀ ਬਜਾਏ ਬਾਜਵਾ ਉਨ੍ਹਾਂ ਨਾਲ ਗੱਲ ਕਰਨ। ਕੈਪਟਨ ਨੇ ਕਿਹਾ ਜੇ ਬਾਜਵਾ ਨੂੰ ਪੰਜਾਬ ਸਰਕਾਰ ‘ਤੇ ਯਕੀਨ ਨਹੀਂ ਹੈ ਤਾਂ ਉਹ ਕਾਂਗਰਸ ਹਾਈਕਮਾਂਡ ਕੋਲ ਜਾਣ।
