ਮਾਨਸਾ, 28 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਬਾਗਬਾਨੀ ਵਿਭਾਗ ਪੰਜਾਬ ਵੱਲੋਂ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਗਰਮ ਰੁੱਤ ਸਬਜ਼ੀਆਂ ਦੀ ਬੀਜ ਕਿੱਟ ਤਿਆਰ ਕੀਤੀ ਗਈ, ਜੋ 8 ਵਿਅਕਤੀਆਂ ਦੇ ਪਰਿਵਾਰ ਨੂੰ 6 ਮਹੀਨੇ ਦੀ ਲੋੜ ਪੂਰਾ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਮਾਨਸਾ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਕਿੱਟ ਅੰਦਰ ਘੀਆ ਕੱਦੂ (ਪੰਜਾਬ ਕੋਮਲ ਤੇ ਪੰਜਾਬ ਬਰਕਤ), ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਟੀਂਡਾ, ਕਰੇਲਾ, ਭਿੰਡੀ, ਤਰ ਅਤੇ ਖੀਰਾ ਦੇ ਬੀਜ ਮੌਜੂਦ ਹਨ। ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਸਾਰਾ ਸਾਲ ਘਰਾਂ ਵਿੱਚ ਰੋਜ਼ਾਨਾ ਖਪਤ ਲਈ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਘਰਾਂ/ਟਿਊਬਵੈਲਾਂ ‘ਤੇ ਸੁਚੱਜੇ ਢੰਗ ਨਾਲ ਪੈਦਾ ਕਰਨ ਨੂੰ ਹੀ ਘਰੇਲੂ ਬਗੀਚੀ ਕਿਹਾ ਜਾਂਦਾ ਹੈ। ਉਨ੍ਹਾ ਦੱਸਿਆ ਕਿ ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ ਨਾ ਸਿਰਫ਼ ਤਾਜ਼ੀ ਹੋਵੇਗੀ, ਸਗੋਂ ਹਾਨੀਕਾਰਕ ਕੀੜੇਮਾਰ ਦਵਾਈਆਂ ਤੋਂ ਮੁਕਤ ਹੋਵੇਗੀ ਅਤੇ ਪੈਦਾ ਕਰਨ ਵਾਲੇ ਦਾ ਅੰਦਾਜਨ ਸਾਲਾਨਾ 5000/- ਰੁਪਏ ਪ੍ਰਤੀ ਵਿਅਕਤੀ ਖਰਚਾ ਵੀ ਬਚੇਗਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਪ੍ਰਤੀ ਦਿਨਾ 300 ਗ੍ਰਾਮ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਸਾਡੇ ਰੋਜ਼ਾਨਾਂ ਦੇ ਲੋੜੀਂਦੇ ਤੱਤਾਂ ਦੀ ਪੂਰਤੀ ਕਰਦੀ ਹੈੇ। ਉਨ੍ਹਾਂ ਦੱਸਿਆ ਕਿ ਮੁਨੱਖੀ ਜੀਵਨ ਵਿੱਚ ਸਬਜ਼ੀਆਂ ਦੀ ਕਾਫ਼ੀ ਮਹੱਤਤਾ ਹੈ ਅਤੇ ਇਨ੍ਹਾਂ ਬਿਨ੍ਹਾਂ ਕੋਈ ਵੀ ਭੋਜਨ ਸੰਤੁਲਿਤ ਅਤੇ ਸੰਪੂਰਨ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਤੋਂ ਸਾਨੂੰ ਅਜਿਹੇ ਖੁਰਾਕੀ ਤੱਤ ਮਿਲਦੇ ਹਨ ਜੋ ਦੂਸਰੇ ਅਨਾਜਾਂ ਵਿੱਚ ਨਹੀਂ ਪਾਏ ਜਾਂਦੇ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਵਿਟਾਮਿਨ ਏ ਅਤੇ ਸੀ ਦਾ ਸਭ ਤੋਂ ਉੱਤਮ ਕੁਦਰਤੀ ਸੋਮਾ ਹਨ ਅਤੇ ਵਿਟਾਮਿਨ ਬੀ ਅਤੇ ਬੀ-2 ਦੀ ਸਬਜ਼ੀਆਂ ਵਿੱਚ ਕਾਫ਼ੀ ਮਾਤਰਾ ਵਿੱਚ ਮਿਲਦੇ ਹਨ। ਇਨ੍ਹਾਂ ਖਣਿਜਾਂ ਦੀ ਸਾਡੇ ਸਰੀਰਕ ਵਿਕਾਸ ਵਿੱਚ ਬਹੁਤ ਲੋੜ ਹੁੰਦੀ ਹੈ ਅਤੇ ਸਾਡੇ ਖੁਰਾਕ ਵਿੱਚ ਇਨ੍ਹਾਂ ਦੀ ਅਕਸਰ ਘਾਟ ਹੀ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੇ ਸੇਵਨ ਤੋਂ ਸਾਨੂੰ ਪ੍ਰੋਟੀਨ, ਕਾਰਬੋਹਾਈਡਰੇਟਸ ਅਤੇ ਸੈਲੂਲੋਜ਼ ਵੀ ਮਿਲਦੇ ਹਨ ਜਿਨ੍ਹਾ ਦੀ ਵਰਤੋਂ ਨਾਲ ਸਾਡੀ ਪਾਚਨ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਸਹਾਇਕ ਡਾਇਰੈਕਟਰ ਬਾਗਬਾਨੀ ਨੇ ਅੱਗੇ ਦੱਸਿਆ ਕਿ ਸਬਜ਼ੀਆਂ ਵਿੱਚ ਐਂਟੀਆਕਸੀਡੈਂਟਸ, ਫਾਈਟੋਕੈਮੀਕਲਜ਼ ਅਤੇ ਕਈ ਹੋਰ ਕੀਮਤੀ ਪਦਾਰਥ ਵੀ ਪਾਏ ਜਾਂਦੇ ਹਨ ਜੋ ਸਾਨੂੰ ਨਿਰੋਗ ਰੱਖਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਨੂੰ 800 ਬੀਜ ਕਿੱਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਕਿੱਟ ਦੀ ਕੀਮਤ ਸਿਰਫ਼ 80/- ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਹ ਕਿੱਟ ਦਫ਼ਤਰੀ ਕੰਮ-ਕਾਜ ਵਾਲੇ ਦਿਨ ਦਫ਼ਤਰ ਸਹਾਇਕ ਡਾਇਰੈਕਟਰ ਬਾਗਬਾਨੀ ਮਾਨਸਾ ਅਤੇ ਬਾਗਬਾਨੀ ਵਿਕਾਸ ਅਫ਼ਸਰ ਸਰਦੂਲਗੜ੍ਹ ਤੇ ਬੁਢਲਾਡਾ ਦੇ ਦਫ਼ਤਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।