ਫਗਵਾੜਾ 27 ਦਸੰਬਰ (ਸਾਰਾ ਯਹਾਂ/ਸ਼ਿਵ ਕੌੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਠੰਡ ਦੇ ਮੌਸਮ ਵਿਚ ਲੋੜਵੰਦਾਂ ਨੂੰ ਸਰਦੀ ਤੋਂ ਬਚਾਅ ਲਈ ਕੰਬਲਾਂ ਦੀ ਵੰਡ ਕੀਤੀ ਗਈ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਆਯੋਜਿਤ ਇਹ ਸਮਾਗਮ ਦਸ਼ਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਰਮਪਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮਲਕੀਅਤ ਸਿੰਘ ਰਘਬੋਤਰਾ, ਤਾਰਾ ਚੰਦ ਚੁੰਬਰ ਅਤੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਪੋਹ ਦਾ ਮਹੀਨਾ ਲਸਾਨੀ ਸ਼ਹਾਦਤਾਂ ਦਾ ਮਹੀਨਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੁਲਮ ਦੇ ਖਿਲਾਫ ਜੰਗ ‘ਚ ਆਪਣਾ ਸਰਬੰਸ ਦਾਨ ਕਰ ਦਿੱਤਾ। ਜਿਸ ਤੋਂ ਬਾਅਦ ਜਾਲਮ ਮੁਗਲ ਸਾਮਰਾਜ ਦੇ ਖਾਤਮੇ ਦੀ ਸ਼ੁਰੂਆਤ ਹੋਈ ਸੀ। ਇਸ ਦੌਰਾਨ ਉਹਨਾਂ ਨੇ ਠੰਡੇ ਬੁਰਜ ਵਿਚ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਮੋਤੀ ਰਾਮ ਮਹਿਰਾ ਅਤੇ ਛੋਟੇ ਸਾਹਿਬਜਾਦਿਆਂ ਦੇ ਸੰਸਕਾਰ ਲਈ ਵਜੀਰ ਖਾਨ ਤੋਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਮੀਨ ਲੈਣ ਵਾਲੇ ਦੀਵਾਨ ਟੋਡਰ ਮੱਲ ਨੂੰ ਵੀ ਸ਼ਰਧਾ ਦੇ ਨਾਲ ਯਾਦ ਕੀਤਾ। ਰਘਬੋਤਰਾ ਨੇ ਦੱਸਿਆ ਕਿ ਸਮਾਗਮ ਦੌਰਾਨ 51 ਲੋੜਵੰਦ ਔਰਤਾਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ ਗਈ। ਜਿਸ ਵਿਚ ਬੀਬੀ ਹਰਬੰਸ ਕੌਰ ਯੂ.ਕੇ. ਅਤੇ ਪਰਿਵਾਰ ਦਾ ਵਢਮੁੱਲਾ ਸਹਿਯੋਗ ਪ੍ਰਾਪਤ ਹੋਇਆ। ਇਸ ਮੌਕੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾਮਿੱਤਰ ਸ਼ਰਮਾ, ਐਸ.ਸੀ. ਚਾਵਲਾ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਮੀਰਾ ਕੁਮਾਰੀ ਅਤੇ ਪੰਡਿਤ ਕੁੰਦਨ ਭਨੋਟ ਆਦਿ ਹਾਜਰ ਸਨ।