*ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਕੰਬਲ, ਜੁਰਾਬਾਂ ਤੇ ਗਰਮ ਕੋਟੀਆਂ ਵੰਡ ਕੇ ਮਨਾਈ ਲੋਹੜੀ*

0
8

ਫਗਵਾੜਾ 14 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਹਰ ਸਾਲ ਦੀ ਤਰ੍ਹਾਂ ਲੋਹੜੀ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਕੀਤਾ ਗਿਆ। ਇਸ ਦੌਰਾਨ ਡਾ. ਨੀਰੂ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਆਪਣੇ ਮਾਤਾ ਜੀ ਸਵ. ਕੈਲਾਸ਼ ਸ਼ਰਮਾ ਦੀ ਨਿੱਘੀ ਯਾਦ ਵਿਚ 51-51 ਲੋੜਵੰਦਾਂ ਨੂੰ ਗਰਮ ਕੰਬਲ, ਜੁਰਾਬਾਂ ਅਤੇ ਗਰਮ ਕੋਟੀਆਂ ਦੀ ਵੰਡ ਕੀਤੀ। ਕੋਟੀਆਂ ਵੰਡਣ ਵਿਚ ਉਹਨਾਂ ਦਾ ਸਾਥ ਤਾਰਾ ਚੰਦ ਚੁੰਬਰ, ਕੀਮਤੀ ਲਾਲ ਜੈਨ ਅਤੇ ਸ਼ੰਕਰ ਧੀਰ ਨੇ ਦਿੱਤਾ। ਪਤਵੰਤਿਆਂ ਵਲੋਂ ਸ਼ੰਕਰ ਧੀਰ (ਨਾਵਲਟੀ ਸਵੀਟਸ) ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਗਈ। ਕ੍ਰਿਸ਼ਨ ਕੁਮਾਰ ਨੇ ਲੋਹੜੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਹਰ ਸਾਲ ਕ੍ਰਿਸਮਸ, ਨਵੇਂ ਸਾਲ, ਲੋਹੜੀ ਤੇ ਗਣਤੰਤਰ ਦਿਵਸ ਮੌਕੇ ਕੰਬਲਾਂ ਦੀ ਵੰਡ ਕੀਤੀ ਜਾਂਦੀ ਹੈ। ਅਗਲਾ ਕੰਬਲ ਵੰਡ ਸਮਾਗਮ 26 ਜਨਵਰੀ ਨੂੰ ਹੋਵੇਗਾ। ਹਾਜਰੀਨ ਨੂੰ ਸ਼ਗਨ ਵਜੋਂ ਮੂੰਗਫਲੀ, ਰਿਓੜੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਜੀ ਚੱਢਾ, ਰਾਜਕੁਮਾਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਦਿਵਿਆ ਤੋਂ ਇਲਾਵਾ ਸ਼ਾਲਨੀ ਗਰੁੱਪ ਫਗਵਾੜਾ ਦੀਆਂ ਵਿਦਿਆਰਥਣਾਂ ਹਾਜਰ ਸਨ।

LEAVE A REPLY

Please enter your comment!
Please enter your name here