ਬਠਿੰਡਾ 20,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਦੇ ਮਾਲਵਾ ਖ਼ਿੱਤੇ ’ਚ ਕੋਵਿਡ-19 ਦੇ ਮਰੀਜ਼ਾਂ ਵਿੱਚ ‘ਬਲੈਕ ਫ਼ੰਗਸ’ (ਮਿਊਕਰਮਾਇਕੌਸਿਸ Mucormycosis) ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਉੱਤੋਂ ਲੋੜੀਂਦੀ ਦਵਾਈ (Liposomal Amphotericin Injection) ਦੀ ਕਮੀ ਹੋ ਗਈ ਹੈ। ਅਜਿਹੇ ਹਾਲਾਤ ਕਾਰਨ ਮਲਵਈ ਜ਼ਿਲ੍ਹੇ ਬਠਿੰਡਾ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ।
ਪਿੰਡਾਂ ਦੇ ਇਲਾਕਿਆਂ ’ਚ ‘ਬਲੈਕ ਫ਼ੰਗਸ’ ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਉੱਧਰ ਇਸੇ ਕਾਰਣ ਸਿਹਤ ਵਿਭਾਗ ਦੀਆਂ ਚਿੰਤਾਵਾਂ ਵੀ ਵਧਦੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਬਹੁਤ ਜ਼ਿਆਦਾ ਕਮਜ਼ੋਰ ‘ਇਮਿਊਨਿਟੀ’ (ਰੋਗ ਪ੍ਰਤੀਰੋਧਕ ਸ਼ਕਤੀ) ਵਾਲੇ ਕੋਵਿਡ ਦੇ ਮਰੀਜ਼ਾਂ ਉੱਤੇ ਇਹ ‘ਫ਼ੰਗਸ’ (ਉੱਲੀ) ਵਧੇਰੇ ਮਾਰ ਕਰ ਰਹੀ ਹੈ।
ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੋਵਿਡ-19 ਦੇ ਇੱਕ ਮਰੀਜ਼ ਦਾ ਇਲਾਜ ਚੱਲ ਰਿਹਾ ਸੀ, ਉਹ ‘ਬਲੈਕ ਫ਼ੰਗਸ’ ਦਾ ਸ਼ਿਕਾਰ ਹੋ ਗਿਆ। ਹੁਣ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇੰਜੈਕਸ਼ਨ ਖ਼ਰੀਦਣ ਲਈ ਇੱਧਰ-ਉੱਧਰ ਭੱਜ-ਨੱਸ ਕਰਨੀ ਪੈ ਰਹੀ ਹੈ। ਬਾਅਦ ’ਚ ਉਹ ਜ਼ਿਲ੍ਹਾ ਸਿਹਤ ਅਧਿਕਾਰੀਆਂ ਕੋਲ ਪੁੱਜੇ ਤੇ ਲੋੜੀਂਦੀ ਦਵਾਈ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ।
‘ਦਵਾਈਆਂ ਲਈ ਜ਼ੋਨਲ ਲਾਇਸੈਂਸਿੰਗ ਅਥਾਰਟੀ’ (ਮਾਲਵਾ) ਦੇ ਅਮਨਦੀਪ ਵਰਮਾ ਨੇ ਦੱਸਿਆ ਕਿ Amphotericin ਇੰਜੈਕਸ਼ਨ ਇਸ ਵੇਲੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਉਪਲਬਧ ਨਹੀਂ ਹੈ। ‘ਅਸੀਂ ਉੱਚ ਅਧਿਕਾਰੀਆਂ ਨੂੰ ਇਹ ਦਵਾਈ ਛੇਤੀ ਤੋਂ ਛੇਤੀ ਸਪਲਾਈ ਕਰਨ ਲਈ ਲਿਖਿਆ ਹੈ। ਬਲੈਕ ਫ਼ੰਗਸ ਦੇ ਮਾਮਲੇ ਅਚਾਨਕ ਵਧਣ ਕਾਰਣ ਇਸ ਦਵਾਈ/ਇੰਜੈਕਸ਼ਨ ਦੀ ਮੰਗ ਅਚਾਨਕ ਬਹੁਤ ਜ਼ਿਆਦਾ ਵਧ ਗਈ ਹੈ। ਜਦੋਂ ਵੀ ਇਸ ਦੀ ਸਪਲਾਈ ਆਉਂਦੀ ਹੈ, ਮਰੀਜ਼ਾਂ ਨੂੰ ਇਹ ਦਵਾਈ ਉਪਲਬਧ ਕਰਵਾ ਦਿੱਤੀ ਜਾਵੇਗੀ।’
ਉੱਧਰ ਡਾਕਟਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਜਿਹੜੇ ਮਰੀਜ਼ ਸ਼ੂਗਰ ਤੋਂ ਪੀੜਤ ਹਨ ਜਾਂ ਜਿਨ੍ਹਾਂ ਨੂੰ ਆਕਸੀਜਨ ਲੱਗੀ ਹੋਈ ਹੈ ਅਤੇ ਜਿਨ੍ਹਾਂ ਨੂੰ ਜ਼ਿਆਦਾ ਮਾਤਰਾ ’ਚ ਸਟੀਰਾੱਇਡਜ਼ ਦਿੱਤੇ ਗਏ ਹਨ; ਉਨ੍ਹਾਂ ਨੂੰ ‘ਬਲੈਕ ਫ਼ੰਗਸ’ ਦੀ ਇਹ ਛੂਤ ਲੱਗਣ ਦਾ ਜ਼ਿਆਦਾ ਖ਼ਤਰਾ ਹੈ। ਇੱਕ ਡਾਕਟਰ ਨੇ ਕਿਹਾ, ਜੇ ਇਸ ਦਾ ਸਮੇਂ-ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਮਰੀਜ਼ ਮਰ ਵੀ ਸਕਦੇ ਹਨ। ਇਸ ‘ਬਲੈਕ ਫ਼ੰਗਸ’ ਨੇ ਹੁਣ ਮੌਤ ਦੀ ਦਰ ਵਿੱਚ ਵਾਧਾ ਕਰ ਦਿੱਤਾ ਹੈ।
ਬਠਿੰਡਾ ਦੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿਲੋਂ ਨੇ ਕਿਹਾ ਕਿ ਇਸ ਵੇਲੇ Amphotericin ਉਪਲਬਧ ਨਹੀਂ ਹੈ ਤੇ ਅਸੀਂ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਜਿਵੇਂ ਹੀ ਇਹ ਦਵਾਈ ਉਪਲਬਧ ਹੁੰਦੀ ਹੈ, ਇਸ ਦੀ ਵਰਤੋਂ ਮਰੀਜ਼ਾਂ ਨੂੰ ਠੀਕ ਕਰਨ ਲਈ ਕੀਤੀ ਜਾਵੇਗੀ।