ਚੰਡੀਗੜ੍ਹ: 03,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੇ ਸੰਗਰੂਰ ਤੋਂ ਜ਼ਿਮਨੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਸਬੰਧੀ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਅੱਜ ਆਪਣੇ ਭਰਾ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ ‘ਚ ਮਿਲਣ ਦੇ ਲਈ ਗਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਲਿਖਿਆ ਸਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ। ਖਾਲਸਾ ਜੀ, ਕੱਲ੍ਹ ਸਾਨੂੰ ਸੰਤ ਸਮਾਜ ਅਤੇ ਬੰਦੀ ਸਿੰਘ ਪਰਿਵਾਰਾਂ ਵੱਲੋਂ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਨ ਦੀ ਬੇਨਤੀ ਕੀਤੀ ਗਈ ਸੀ। ਅਸੀਂ ਆਪਣੇ ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਚੋਣਾਂ ਲੜਨ ਤੋਂ ਅਸਮਰੱਥਾ ਪ੍ਰਗਟ ਕਰਦੇ ਹਾਂ। ਸਾਰਿਆਂ ਵੱਲੋਂ ਪ੍ਰਗਈਆਂ ਗਈਆਂ ਭਾਵਨਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ।
ਦੱਸ ਦੇਈਏ ਕਿ ਬੀਤੇ ਦਿਨੀ ਸਿੱਖ ਜਥੇਬੰਦੀਆਂ ਵੱਲੋਂ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੂੰ ਸਾਂਝਾ ਉਮੀਦਵਾਰ ਐਲਾਨਣ ਦਾ ਫੈਸਲਾ ਲਿਆ ਗਿਆ ਸੀ। ਜਿਸ ਨੂੰ ਲੈ ਕੇ ਉਹ ਲੁਧਿਆਣਾ ਸਥਿਤ ਰਾਜੋਆਣਾ ਦੀ ਰਿਹਾਇਸ਼ ‘ਤੇ ਪਹੁੰਚੇ ਤੇ ਉਨ੍ਹਾਂ ਦੀ ਭੈਣ ਕਮਲਜੀਤ ਕੌਰ ਦੇ ਗਲ ਵਿਚ ਸਿਰੋਪਾ ਪਾ ਕੇ ਉਸ ਨੂੰ ਪੰਥ ਦਾ ਸਾਂਝਾ ਉਮੀਦਵਾਰ ਐਲਾਨਿਆ ਸੀ ਪਰ ਰਾਜੋਆਣਾ ਦੀ ਭੈਣ ਨੇ ਕਿਹਾ ਸੀ ਕਿ ਉਹ ਵੀਰ ਜੀ ਨਾਲ ਸਲਾਹ ਕਰਕੇ ਇਸ ਆਖ਼ਰੀ ਫ਼ੈਸਲਾ ਲੈਣਗੇ।
ਦੱਸ ਦੇਈਏ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2014 ’ਚ ਸੁਖਦੇਵ ਢੀਂਡਸਾ ਨੂੰ ਹਰਾ ਕੇ ਸੰਗਰੂਰ ਦੀ ਸੀਟ ਜਿੱਤੀ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।
ਦੱਸ ਦਈਏ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ (Sangrur bypoll) ਲਈ 23 ਜੂਨ ਨੂੰ ਵੋਟਾਂ ਪੈਣਗੀਆਂ ਤੇ 26 ਜੂਨ ਨੂੰ ਨਤੀਜਾ ਐਲਾਨਿਆ ਆਵੇਗਾ। 30 ਮਈ ਤੋਂ 6 ਜੂਨ ਤੱਕ ਭਰੀਆਂ ਨਾਮਜ਼ਦਗੀਆਂ ਜਾਣਗੀਆਂ ਤੇ ਉਮੀਦਵਾਰ ਆਪਣੀ 9 ਜੂਨ ਤੱਕ ਨਾਮਜ਼ਦਗੀ ਵਾਪਸ ਲੈ ਸਕਦੇ ਹਨ