ਬਲਵਿੰਦਰ ਸਿੰਘ ਜਾਅਲੀ ਫਰਮਾਂ ਬਣਾਉਣ ਅਤੇ ਇਹਨਾਂ ਦੇ ਸੰਚਾਲਨ ਦੇ ਦੋਸ਼ ਵਿਚ ਗ੍ਰਿਫਤਾਰ 200 ਕਰੋੜ ਤੋਂ ਵੱਧ ਜਾਅਲੀ ਬਿਲਿੰਗ ਹੋਣ ਦਾ ਖਦਸ਼ਾ

0
130

ਚੰਡੀਗੜ੍ਹ, 10 ਫਰਵਰੀ (ਸਾਰਾ ਯਹਾਂ /ਮੁੱਖ ਸੰਪਾਦਕ):ਪੰਜਾਬ ਰਾਜ ਜੀ.ਐੱਸ.ਟੀ. ਦੇ ਜਾਂਚ ਵਿੰਗ ਦੇ ਅਧਿਕਾਰੀਆਂ ਵਲੋਂ ਅੱਜ ਬਲਵਿੰਦਰ ਸਿੰਘ (ਉਰਫ ਬਾਬੂ ਰਾਮ) ਪੁੱਤਰ ਪਾਰਸ ਰਾਮ ਨਿਵਾਸੀ ਮੰਡੀ ਗੋਬਿੰਦਗੜ, ਜ਼ਿਲ੍ਹਾ ਫਤਿਹਗੜ ਸਾਹਿਬ ਨੂੰ ਪੰਜਾਬ, ਦਿੱਲੀ ਅਤੇ ਰਾਜਸਥਾਨ ਸਮੇਤ ਵੱਖ-ਵੱਖ ਰਾਜਾਂ ਵਿੱਚ ਜਾਅਲੀ ਫਰਮਾਂ ਬਣਾਉਣ ਅਤੇ ਇਹਨਾਂ ਦੇ ਸੰਚਾਲਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਮੁਢਲੇ ਤੌਰ ‘ਤੇ ਕੀਤੀ ਗਈ ਪੜਤਾਲ ਵਿਚ ਉਸ ਵਲੋਂ ਸਰਕਾਰ ਨਾਲ ਟੈਕਸ ਦੀ ਅਦਾਇਗੀ ਦੇ ਮਾਮਲੇ ਵਿਚ 8.95 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਮਿਸ਼ਨਰ ਸਟੇਟ ਟੈਕਸ ਵਲੋਂ ਜੀਐਸਟੀ ਐਕਟ ਦੀ ਧਾਰਾ 69 ਅਧੀਨ ਧਾਰਾ 132 (1) (ਏ), (ਬੀ) ਅਤੇ (ਸੀ) ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਬਲਵਿੰਦਰ ਸਿੰਘ ਪੁੱਤਰ ਪਾਰਸ ਰਾਮ ਅਤੇ ਉਸ ਦੇ ਪੁੱਤਰ ਪ੍ਰਿੰਸ ਧੀਮਾਨ ਦੀ ਗ੍ਰਿਫਤਾਰੀ ਲਈ ਇੱਕ ਹੁਕਮ ਜਾਰੀ ਕੀਤੇ ਗਏ ਸਨ।ਬੁਲਾਰੇ ਨੇ ਅੱਗੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਮੁਲਜ਼ਮ ਦੀ ਰਿਹਾਇਸ਼ ਸਮੇਤ ਕਈ ਥਾਵਾਂ ‘ਤੇ ਤਲਾਸ਼ੀ ਅਤੇ ਜ਼ਬਤੀ ਲਈ ਕਾਰਵਾਈਆਂ ਕੀਤੀਆਂ ਗਈਆਂ ਤਾਂ ਜੋ ਪੰਜਾਬ ਅਤੇ ਬਾਹਰੀ ਸੂਬਿਆਂ ਵਿਚ ਲੋਹੇ ਦੇ ਕਬਾੜ ਅਤੇ ਤਿਆਰ ਮਾਲ ਨਾਲ ਸਬੰਧਤ ਫਰਮਾਂ ਦੇ ਨਿਰਮਾਣ ਦੀ ਕਾਰਜ ਵਿਧੀ ਅਤੇ ਇਸ ਉਪਰੰਤ ਪੰਜਾਬ ਰਾਜ ਦੇ ਵੱਖੋ ਵੱਖਰੇ ਲਾਭਪਾਤਰੀਆਂ ਨੂੰ ਮਾਲ ਦੇਣ ਤੋਂ ਪਹਿਲਾਂ ਆਪਣੇ ਨਾਂ ਜਾਂ ਹੋਰ ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਨਾਮ ਹੇਠ ਬਣੀਆਂ ਹੋਰ ਫਰਮਾਂ ਨੂੰ ਮਾਲ ਦੇਣ ਸਬੰਧੀ ਬੋਗਸ ਬਿਲਿੰਗ ਦੇ ਸਬੂਤ ਜੁਟਾਏ ਜਾ ਸਕਣ। ਉਨਾਂ ਕਿਹਾ ਕਿ ਪਿਛਲੇ ਸਾਲ ਦੋਸ਼ੀ ਵੱਲੋਂ ਚਲਾਈ ਜਾ ਰਹੀ ਇੱਕ ਫਰਮ (ਸੁਵਿਧਾ ਐਂਟਰਪ੍ਰਾਈਜਜ਼) ਜੋ ਕਿ ਕਾਰੋਬਾਰ ਦੀ ਅਸਲ ਥਾਂ ’ਤੇ ਨਾ-ਮੌਜਦੂ ਸੀ, ਸਬੰਧਤ ਅਧਿਕਾਰੀ ਵੱਲੋਂ ਨੂੰ ਇਸ ਫਰਮ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਵਿਭਾਗ ਨੂੰ ਮੁਲਜ਼ਮ ਬਾਰੇ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਵਿਸਥਾਰਤ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਨੇ 4 ਹੋਰ ਅਜਿਹੀ ਫਰਜ਼ੀ ਫਰਮਾਂ ਬਣਾਈਆਂ ਸਨ, ਜਿਨਾਂ ਵਿਚ ਦਿੱਲੀ ਅਤੇ ਰਾਜਸਥਾਨ ਵਿਚ ਇੱਕ-ਇੱਕ ਫਰਮ ਚਲਾਈ ਜਾ ਰਹੀ ਸੀ ਜਿੱਥੇ 125 ਕਰੋੜ ਰੁਪਏ ਤੋਂ ਵੱਧ ਦੀ ਜਾਅਲੀ ਬਿਲਿੰਗ ਕੀਤੀ ਗਈ ਅਤੇ ਸਰਕਾਰੀ ਖਜ਼ਾਨੇ ਨੂੰ 15 ਕਰੋੜ ਰੁਪਏ (ਲਗਭਗ) ਤੋਂ ਵੱਧ ਚੂਨਾ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਲੋਹੇ ਦਾ ਕਬਾੜ (ਆਇਰਨ ਸਕ੍ਰੈਪ ) ਲੈ ਕੇ ਜਾਣ ਵਾਲੇ ਇੱਕ ਵਾਹਨ ਨੂੰ ਰਾਜ ਜੀ.ਐਸ.ਟੀ. ਦੇ ਇੰਫੋਰਸਮੈਂਟ ਅਧਿਕਾਰੀਆਂ ਵਲੋਂ ਵੀ ਰੋਕਿਆ ਸੀ ਅਤੇ ਇਸ ਸਬੰਧੀ ਕੀਤੀ ਗਈ ਜਾਂਚ ਤੋਂ ਇਹ ਸੁਰਾਗ ਸਾਹਮਣੇ ਆਏ ਹਨ ਕਿ ਮੁਲਜ਼ਮ ਵਲੋਂ ਅਜਿਹੀਆਂ ਲਗਭਗ 30 ਹੋਰ ਫਰਮਾਂ ਚਲਾਈਆਂ ਜਾ ਰਹੀਆਂ ਸਨ ਜਿਹਨਾਂ ਦੀ ਪੜਤਾਲ ਜਾਰੀ ਹੈ। ਪਿਓ-ਪੁੱਤ ਦੀ ਜੋੜੀ ਵਲੋਂ ਸੰਚਾਲਿਤ ਇਹਨਾਂ ਫਰਮਾਂ ਰਾਹੀਂ ਜੁਟਾਈ ਕੁੱਲ ਜਾਅਲੀ ਬਿਲਿੰਗ ਦੀ ਰਾਸ਼ੀ 200 ਕਰੋੜ ਤੋਂ ਵੱਧ ਹੋਣ ਦੀ ਖਦਸ਼ਾ ਹੈ।      ਦੋਸ਼ੀ ਨੂੰ ਅੱਜ ਸਹਾਇਕ ਕਮਿਸ਼ਨਰ, ਐਮਡਬਲਯੂ ਪਟਿਆਲਾ ਦੀ ਅਗਵਾਈ ਵਾਲੀ ਟੀਮ ਵੱਲੋਂ ਜੀ.ਐਸ.ਟੀ ਐਕਟ ਦੀ ਧਾਰਾ 132 ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਗਿ੍ਰਫਤਾਰ ਕੀਤਾ ਗਿਆ  ਅਤੇ ਇਸ ਕਾਰਵਾਈ ਵਿੱਚ ਡਿਪਟੀ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਦੋਸ਼ੀ ਨੂੰ ਸੀ.ਜੇ.ਐਮ. ਫਤਿਹਗੜ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਵੱਖ-ਵੱਖ ਲਾਭਪਾਤਰੀਆਂ ਖਿਲਾਫ ਕਾਰਵਾਈ ਵੀ ਆਰੰਭੀ ਜਾ ਰਹੀ ਹੈ। ਦੂਜੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਸਬੰਧੀ ਯਤਨ ਤੇਜ਼ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ।————

LEAVE A REPLY

Please enter your comment!
Please enter your name here