ਚੰਡੀਗੜ, 10 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ):ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਅਤਿ ਆਧੁਨਿਕ ਉਪਕਰਣਾਂ ਨਾਲ ਲੈਸ 3 ਹੋਰ ਖੁਰਾਕ ਸੁਰੱਖਿਆ ਵਾਹਨਾਂ ਨੂੰ ਹਰੀ ਝੰਡੀ ਦਿੱਤੀ, ਜਿਹਨਾਂ ਵਿੱਚ ਮੌਕੇ ‘ਤੇ ਹੀ ਭੋਜਨ ਦੇ 50 ਤੋਂ ਵੱਧ ਗੁਣਵੱਤਾ ਮਾਪਦੰਡਾਂ ਦੀ ਜਾਂਚ ਕਰਨ ਦੀ ਸਮਰੱਥਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਇਸ ਤਰਾਂ ਦੀਆਂ 2 ਹੋਰ ਖੁਰਾਕ ਸੁਰੱਖਿਆ ਵਾਹਨ ਵਿਚਾਰ ਅਧੀਨ ਹਨ ਜੋ ਜਲਦ ਹੀ ਪੰਜਾਬ ਸੂਬੇ ਵਿੱਚ ਚਲਾ ਦਿੱਤੇ ਜਾਣਗੇ। ਪੰਜਾਬ ਵਿਚ ਖੁਰਾਕ ਵਸਤਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਕੁੱਲ 07 ਵਾਹਨ ਚਲਾਏ ਜਾਣਗੇ। ਇਹ ਪਹਿਲਕਦਮੀ ਵੱਡੇ ਪੱਧਰ ‘ਤੇ
ਮਿਲਾਵਟਖੋਰੀ ਘਟਾਉਣ ਲਈ ਕਾਰਗਰ ਸਿੱਧ ਹੋਵੇਗੀ ਅਤੇ ਇਸ ਤਰਾਂ ਪੰਜਾਬ ਦੇ ਲੋਕ ਸੁਰੱਖਿਅਤ ਅਤੇ ਮਿਆਰੀ ਭੋਜਨ ਪ੍ਰਾਪਤ ਕਰ ਸਕਣਗੇ। ਫੂਡ ਐਂਡ ਡਰੱਗ ਐਡਮਨਿਸਟ੍ਰੇਸਨ ਨੇ ਖਰੜ ਜ਼ਿਲਾ ਐਸ.ਏ.ਐਸ.ਨਗਰ ਵਿਖੇ ਅਤਿ ਆਧੁਨਿਕ ਸਹੂਲਤ ਵਾਲੀ ਨਵੀਂ ਖੁਰਾਕ ਅਤੇ ਡਰੱਗ ਟੈਸਟਿੰਗ ਲੈਬਾਰਟਰੀ ਸਥਾਪਿਤ ਕੀਤੀ ਹੈ ਜਿਸ ਵਿਚ ਸਾਲਾਨਾ 15000 ਖੁਰਾਕ ਨਮੂਨਿਆਂ ਦੀ ਜਾਂਚ ਦੀ ਸਮਰੱਥਾ ਹੈ। ਸਾਲ 2019 ਵਿੱਚ ਫੂਡ ਟੈਸਟਿੰਗ ਲੈਬ ਨੇ ਲਗਭਗ 8700 ਨਮੂਨੇ ਲਏ ਜਿਨਾਂ ਵਿੱਚੋਂ 1795 ਨਮੂਨੇ ਘਟੀਆ ਦਰਜੇ ਦੇ ਪਾਏ ਗਏ। ਤਿਉਹਾਰਾਂ ਦੇ ਮੌਸਮ ਵਿੱਚ ਐਫਡੀਏ ਵਿਭਾਗ ਵੱਲੋਂ ਅਪਣਾਈ ਗੁਣਵੱਤਾ ਪਹੁੰਚ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਐਫਡੀਏ ਨੇ ਹਾਲ ਹੀ ਵਿੱਚ ਪੰਜਾਬ ਰਾਜ ਵਿੱਚ ਖੋਏ ਦੀ ਗੁਣਵੱਤਾ ਨੂੰ ਪਰਖਣ ਲਈ ਇੱਕ ਸਰਵੇਖਣ ਕੀਤਾ ਜਿਸ ਦੀ ਵਰਤੋਂ ਮਿਠਾਈ ਤਿਆਰ ਕਰਨ ਲਈ ਕੀਤੀ ਜਾ ਰਹੀ ਸੀ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਟੈਸਟਿੰਗ ਅਤੇ ਵਿਸਲੇਸ਼ਣ ਲਈ 66 ਨਮੂਨੇ ਲਏ ਗਏ ਸਨ, ਜਿਨਾਂ ਵਿਚੋਂ 08 ਨਮੂਨੇ ਘਟੀਆ ਦਰਜੇ ਦੇ ਪਾਏ ਗਏ। ਸ. ਸਿੱਧੂ ਨੇ ਦੱਸਿਆ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸਨ ਵੱਲੋਂ ਪਹਿਲਾਂ ਹੀ ਦੁੱਧ, ਪਾਣੀ ਅਤੇ ਮਸਾਲਿਆਂ ਦੇ ਨਮੂਨਿਆਂ ਦੇ ਟੈਸਟ ਲਈ ਹਰੇਕ ਜ਼ਿਲੇ ਵਿੱਚ 2
ਮੋਬਾਈਲ ਫੂਡ ਟੈਸਟਿੰਗ ਵੈਨਾਂ ਲਗਾਈਆਂ ਗਈਆਂ ਹਨ। ਪਿਛਲੇ ਦੋ ਮਹੀਨਿਆਂ ਵਿਚ 02 ਵੈਨਾਂ ਦੁਆਰਾ 795 ਵਲੰਟੀਅਰ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨਾਂ ਵਿਚੋਂ 73 ਨਮੂਨੇ ਘਟੀਆ ਦਰਜੇ ਦੇ ਪਾਏ ਗਏ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਗਈ। ਐਫ.ਡੀ.ਏ. ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸਨ ਦੀ ਇੱਕ ਹੋਰ ਵੱਡੀ ਉਪਲਬਧੀ ਇਹ ਹੈ ਕਿ ਪਿਛਲੇ ਮਹੀਨੇ ਹੀ ਫੂਡ ਲੈਬ ਨੂੰ ਐਨ.ਏ.ਬੀ.ਐਲ. ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਫੂਡ ਐਂਡ ਡਰੱਗ ਐਡਮਿਨਿਸਟ੍ਰੇਸਨ ਲੈਬ, ਪੰਜਾਬ ਦੇਸ ਦੀਆਂ ਉਨਾਂ ਕੁਝ ਲੈਬਾਂ ਵਿਚੋਂ ਇਕ ਹੈ ਜਿਨਾਂ ਨੂੰ ਐਨ.ਏ.ਬੀ.ਐਲ. ਮਾਨਤਾ ਪ੍ਰਾਪਤ ਹੈ। ————-