
ਚੰਡੀਗੜ, 25 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) :ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜਿਨਾਂ ਨੇ ਅੱਜ ਸਵੇਰੇ ਮੁਹਾਲੀ ਵਿਖੇ ਆਖਰੀ ਸਾਹ ਲਿਆ। ਤਿੰਨ ਵਾਰ ਦੇ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਕੱਪ ਜੇਤੂ ਟੀਮ ਦੇ ਪ੍ਰਬੰਧਕ 8 ਮਈ 2020 ਤੋਂ ਜ਼ਿੰਦਗੀ ਦੀ ਲੜਾਈ ਲੜ ਰਹੇ ਸਨ। ਉਨਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਜੋ ਨੌਜਵਾਨਾਂ ਲਈ ਹਮੇਸ਼ਾ ਮਾਰਗ ਦਰਸ਼ਕ ਬਣੀਆਂ ਰਹਿਣਗੀਆਂ ਰਾਣਾ ਸੋਢੀ ਨੇ ਕਿਹਾ ਕਿ 1948, 1952 ਅਤੇ 1956 ਦੀਆਂ ਗਰਮੀ ਦੀਆਂ ਖੇਡਾਂ ਵਿੱਚ ਸੋਨ ਤਮਗੇ ਜਿੱਤਣ ਵਾਲੇ ਬਲਬੀਰ ਸਿੰਘ ਸੀਨੀਅਰ, ਭਾਰਤੀ ਖੇਡ ਇਤਿਹਾਸ ਵਿੱਚ ਸਭ ਤੋਂ ਵੱਧ ਸਨਮਾਨਿਤ ਓਲੰਪੀਅਨ ਸਨ। ਉਹ 1971 ਦੇ ਵਿਸ਼ਵ ਕੱਪ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਕੌਮੀ ਟੀਮ ਦੇ ਕੋਚ ਵੀ ਰਹੇ।ਫਿਰ ਉਨਾਂ ਨੇ 1975 ਦੇ ਵਿਸ਼ਵ ਕੱਪ ਵਿਚ ਟੀਮ ਦਾ ਮਾਰਗਦਰਸ਼ਨ ਕਰਦਿਆਂ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਨ ਵਿੱਚ ਮਦਦ ਕੀਤੀ।ਉਨਾਂ ਨੇ 1952 ਦੇ ਹੇਲਸਿੰਕੀ ਓਲੰਪਿਕ ਵਿੱਚ ਨੀਦਰਲੈਂਡ ਨਾਲ ਖ਼ਿਤਾਬੀ ਟੱਕਰ ਦੌਰਾਨ ਨੀਦਰਲੈਂਡਜ਼ ਉੱਤੇ ਭਾਰਤ ਦੀ 6-1 ਦੀ ਜਿੱਤ ਵਿੱਚੋਂ ਪੰਜ ਗੋਲ ਦਾਗੇ। ਉਨਾਂ ਦੀ ਕਪਤਾਨੀ ਹੇਠ ਭਾਰਤ ਨੇ 38 ਗੋਲ ਕੀਤੇ ਅਤੇ 1956 ਦੇ ਮੈਲਬਰਨ ਓਲੰਪਿਕਸ ਵਿੱਚ ਬਿਨਾਂ ਹਾਰ ਮੰਨੇ ਜੇਤੂ ਲੈਅ ਵਿੱਚ ਅੱਗੇ ਵਧਦਿਆਂ ਸੋਨ ਤਮਗਾ ਹਾਸਲ ਕੀਤਾ।ਖੇਡ ਮੰਤਰੀ ਨੇ ਕਿਹਾ “ਅੱਜ ਅਸੀਂ ਆਪਣੇ ਮਹਾਨ ਅਤੇ ਉੱਘੇ ਖਿਡਾਰੀ ਨੂੰ ਹੀ ਨਹੀਂ ਗੁਆਇਆ, ਬਲਕਿ ਅਸੀਂ ਆਪਣੇ ਮਾਰਗ ਦਰਸ਼ਕ ਪ੍ਰਕਾਸ਼ ਨੂੰ ਵੀ ਖੋ ਦਿੱਤਾ ਹੈ। ਉਹ ਖੇਡ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਰਹੇ ਅਤੇ ਜਦੋਂ ਸਾਨੂੰ ਉਨਾਂ ਦੀ ਸਲਾਹ ਦੀ ਲੋੜ ਹੁੰਦੀ ਹਮੇਸ਼ਾ ਸਾਡੇ ਨਾਲ ਖੜੇ ਰਹੇ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਹਾਕੀ ਜਗਤ ਨੇ ਆਪਣੇ ਚਮਕਦੇ ਸਿਤਾਰੇ ਨੂੰ ਗੁਆ ਦਿੱਤਾ ਹੈ ਅਤੇ ਖੇਡ ਜਗਤ ਨਾਲ ਸਬੰਧਤ ਹਰ ਕਿਸੇ ਨੂੰ ਉਨਾਂ ਦੀ ਮੌਤ ਦੀ ਖ਼ਬਰ ਸੁਣ ਕੇ ਗਹਿਰਾ ਦੁੱਖ ਹੋਇਆ ਹੈ।“ ਉਨਾਂ ਅੱਗੇ ਕਿਹਾ, “ਬਲਬੀਰ ਸਿੰਘ ਸੀਨੀਅਰ ਦੀਆਂ ਮਿਸਾਲੀ ਪ੍ਰਾਪਤੀਆਂ ਅਤੇ ਖੇਡ ਪ੍ਰਤੀ ਉਨਾਂ ਦਾ ਉਤਸ਼ਾਹ ਆਉਣ ਵਾਲੀਆਂ ਪੀੜੀਆਂ ਲਈ ਇੱਕ ਮਿਸਾਲ ਬਣਿਆ ਰਹੇਗਾ। ਪੰਜਾਬ ਖੇਡ ਵਿਭਾਗ ਦੀ ਤਰਫੋਂ, ਮੈਂ ਉਨਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ।“ਬਲਬੀਰ ਸਿੰਘ ਸੀਨੀਅਰ ਲਈ ਭਾਰਤ ਰਤਨ ਦੀ ਮੰਗ ਕਰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਉਨਾਂ ਨੂੰ 1957 ਵਿਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ 2014 ਵਿਚ ਉਨਾਂ ਨੂੰ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਦੇਸ਼ ਦੇ ਸਰਬੋਤਮ ਅਥਲੀਟਾਂ ਵਿਚੋਂ ਇਕ, ਬਲਬੀਰ ਸਿੰਘ ਸੀਨੀਅਰ ਆਧੁਨਿਕ ਉਲੰਪਿਕ ਇਤਿਹਾਸ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੁਆਰਾ ਚੁਣ ਗਏ 16 ਦਿੱਗਜ਼ਾਂ ਵਿੱਚੋਂ ਇਕਲੌਤੇ ਭਾਰਤੀ ਸਨ।ਉਲੰਪਿਕਸ ਦੇ ਪੁਰਸ਼ ਹਾਕੀ ਫਾਈਨਲ ਵਿੱਚ ਇੱਕ ਵਿਅਕਤੀ ਦੁਆਰਾ ਦਾਗੇ ਸਭ ਤੋਂ ਵੱਧ ਗੋਲਾਂ ਦਾ ਉਨਾਂ ਦਾ ਰਿਕਾਰਡ ਅਜੇ ਵੀ ਕਾਇਮ ਹੈ।———–
