ਚੰਡੀਗੜ, 13 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) :ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਤਰਨਤਾਰਨ, ਭਾਮ ਅਤੇ ਫਤਿਹਗੜ ਚੂੜੀਆਂ ਵਿਖੇ ਤਿੰਨ ਨਵੇਂ ਉਸਾਰੇ ਗਏ ਮਾਈ ਦੌਲਤਾਂ ਜੱਚਾ ਤੇ ਬੱਚਾ ਸਿਹਤ ਸੰਭਾਲ (ਐਮਸੀਐਚ) ਹਸਪਤਾਲਾਂ ਦਾ ਉਦਘਾਟਨ ਕੀਤਾ। ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਹਸਪਤਾਲ ਮਾਵਾਂ ਅਤੇ ਨਵੇਂ ਜਨਮੇ ਬੱਚਿਆਂ ਨੂੰ ਉਨਾਂ ਦੇ ਨਿਵਾਸ ਸਥਾਨ ਨੇੜੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਬਣਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੀਤੇ ਗਏ ਉਪਰਾਲਿਆਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿਹਤ ਸਬੰਧੀ ਬੁਨਿਆਦੀ ਢਾਂਚੇ ਦੀ ਅੱਗੇ ਹੋਰ ਮਜਬੂਤੀ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ। ਉਨਾਂ ਦੱਸਿਆ ਕਿ ਕੁੱਲ 37 ਹਸਪਤਾਲਾਂ ਵਿਚੋਂ 26 ਮਾਈ ਦੌਲਤਾਂ ਐਮਸੀਐਚ ਹਸਪਤਾਲਾਂ ਦੀ ਉਸਾਰੀ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ ਜਦੋਂ ਕਿ ਬਾਕੀ 11 ਹਸਪਤਾਲਾਂ ਦੀ ਉਸਾਰੀ ਇਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਈ ਜਾਵੇਗੀ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ ਪੁਰਬ ਮਨਾਉਣ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨਾਂ ਦੀ ਦੇਖਭਾਲ ਕਰਨ ਵਾਲੀ ਮਾਈ ਦੌਲਤਾਂ ਦੇ ਨਾਂ ‘ਤੇ ਸੂਬੇ ਵਿਚ ਸਥਾਪਤ ਕੀਤੇ ਜਾ ਰਹੇ 37 ਜੱਚਾ ਤੇ ਬੱਚਾ ਸਿਹਤ ਸੰਭਾਲ (ਐਮਸੀਐਚ) ਹਸਪਤਾਲਾਂ ਦਾ ਨਾਮ ਰੱਖਣ ਦਾ ਫੈਸਲਾ ਕੀਤਾ ਹੈ।ਸਿਹਤ ਮੰਤਰੀ ਨੇ ਦੱਸਿਆ ਕਿ 11 ਮਾਈ ਦੌਲਤਾਂ ਐਮ.ਸੀ.ਐਚ. ਹਸਪਤਾਲਾਂ ਦੀ ਉਸਾਰੀ ਪ੍ਰਗਤੀ ਅਧੀਨ ਹੈ। ਇਨਾਂ ਹਸਪਤਾਲਾਂ ਦੀ ਉਸਾਰੀ 73 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ, ਨਕੋਦਰ, ਮੋਗਾ, ਫਤਿਹਗੜ ਸਾਹਿਬ, ਗੋਨਿਆਣਾ, ਮਲੋਟ, ਗਿੱਦੜਬਾਹਾ, ਫਗਵਾੜਾ, ਖਰੜ, ਬੁਢਲਾਡਾ ਅਤੇ ਜਗਰਾਉਂ ਵਿਖੇ ਕੀਤੀ ਜਾ ਰਹੀ ਹੈ।ਸ੍ਰੀ ਸਿੱਧੂ ਨੇ ਅੱਗੇ ਕਿਹਾ ਕਿ ਕਰੋਨਾ ਵਾਇਰਸ ਨੂੰ ਹਰਾਉਣ ਲਈ ਮਿਸ਼ਨ ਫਤਿਹ ਤਹਿਤ ਵੱਡੇ ਪੱਧਰ ‘ਤੇ ਜੰਗ ਲੜੀ ਜਾ ਰਹੀ ਹੈ। ਉਨਾਂ ਨੇ ਲੋਕਾਂ ਨੂੰ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਸਾਰੇ ਇਹਤਿਆਤ ਵਰਤਣ ਅਤੇ ਹੋਰਨਾਂ ਨੂੰ ਵੀ ਮਾਸਕ ਪਹਿਨਣ, ਹੱਥ ਧੋਣ, ਕੋਵਾ ਐਪ ਡਾਊਨਲੋਡ ਕਰਨ ਅਤੇ ਇੱਕ ਦੂਜੇ ਤੋਂ ਸਮਾਜਿਕ ਵਿੱਥ ਬਣਾਈ ਰੱਖਣ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ।——