*ਬਰਗਾੜੀ ਮੋਰਚਾ ਸ਼ੁਰੂ ਕਰਨ ਪਹੁੰਚੇ ਸਿਮਰਨਜੀਤ ਸਿੰਘ ਮਾਨ ਗ੍ਰਿਫਤਾਰ*

0
45

ਫਰੀਦਕੋਟ 01,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਬਰਗਾੜੀ ਵਿੱਚ ਗ੍ਰਿਫ਼ਤਾਰ ਕਰ ਲਿਆ। ਉਹ ਅੱਜ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਬਰਗਾੜੀ ਵਿੱਚ ਮੋਰਚਾ ਸ਼ੁਰੂ ਕਰਨ ਪਹੁੰਚੇ ਸੀ। ਸਿਮਰਨਜੀਤ ਸਿੰਘ ਮਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ।

ਦੱਸ ਦਈਏ ਕਿ ਕਿ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜੇਕਰ 30 ਜੂਨ ਤੱਕ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਨਹੀਂ ਮਿਲਦਾ ਤਾਂ ਉਹ ਬਰਗਾੜੀ ਵਿੱਚ ਪੱਕਾ ਮੋਰਚਾ ਲਾਉਣਗੇ। ਬੀਤੀ 1 ਜੂਨ ਨੂੰ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਵਿੱਚ ਛੇ ਸਾਲ ਪਹਿਲਾਂ ਬੇਅਦਬੀ ਕਾਂਡ ਵਾਪਰਨ ਦੇ ਦੁੱਖ ਵਿੱਚ ‘ਸੋਗ ਦਿਵਸ’ ਮਨਾਇਆ ਗਿਆ ਸੀ, ਤਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ 1 ਜੁਲਾਈ, 2021 ਤੋਂ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਸਿੱਖ ਜਥੇਬੰਦੀਆਂ ਦੀ ਇਹੋ ਮੰਗ ਹੈ ਕਿ ਸਾਲ 2015 ਦੇ ਬੇਅਦਬੀ ਕਾਂਡ ਤੇ ਉਸ ਤੋਂ ਬਾਅਦ ਵਾਪਰੇ ਬਰਗਾੜੀ ਗੋਲੀਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਜ਼ਾਵਾਂ ਦਿਵਾਈਆਂ ਜਾਣ।

ਇਸ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਫ਼ਰੀਦਕੋਟ ਜ਼ਿਲ੍ਹੇ ਦੇ ਐੱਸਐੱਸਪੀ ਨੇ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਨੂੰ ਭੇਜੀ ਚਿੱਠੀ ਵਿੱਚ ਲਿਖਿਆ ਹੈ ਕਿ 30 ਜੂਨ ਤੇ ਪਹਿਲੀ ਜੁਲਾਈ ਦੀ ਰਾਤ ਨੂੰ ਪੰਥਕ ਮੋਰਚਾ ਆਪਣਾ ਅਣਮਿੱਥੇ ਸਮੇਂ ਦਾ ਧਰਨਾ ਤੇ ਰੋਸ ਮੁਜ਼ਾਹਰਾ ਦੁਬਾਰਾ ਸ਼ੁਰੂ ਕਰ ਸਕਦਾ ਹੈ। ‘ਸਿੱਖ ਆਗੂਆਂ ਨੇ ਆਮ ਸੰਗਤ ਤੇ ਹੋਰ ਸਿੱਖ ਸ਼ਰਧਾਲੂਆਂ ਨੂੰ ਅਪੀਲਾਂ ਕੀਤੀਆਂ ਹਨ ਕਿ ਉਹ ਬਰਗਾੜੀ ਮੋਰਚੇ ਵਿੱਚ ਆ ਕੇ ਸ਼ਾਮਲ ਹੋਣ।’

ਐੱਸਐੱਸਪੀ ਨੇ ਲਿਖਿਆ ਹੈ ਕਿ ਅਜਿਹੇ ਹਾਲਾਤ ਨਾਲ ਸਿੱਝਣ ਲਈ ਉਨ੍ਹਾਂ ਨੂੰ ਵਧੇਰੇ ਪੁਲਿਸ ਬਲਾਂ ਦੀ ਜ਼ਰੂਰਤ ਪਵੇਗੀ ਤੇ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਲਈ ਅਜਿਹਾ ਬਹੁਤ ਜ਼ਰੂਰੀ ਹੈ। ਐਸਐਸ ਪੀ ਨੇ ਇਸ ਹਾਲਾਤ ’ਚ 25 ਏਆਰਪੀ ਟੀਮਾਂ ਤੇ 5 ਕਮਾਂਡੋ ਕੰਪਨੀਆਂ ਮੰਗੀਆਂ ਹਨ।

ਸਾਲ 2018 ’ਚ ਸਿੱਖ ਜਥੇਬੰਦੀਆਂ ਨੇ ‘ਬਰਗਾੜੀ ਇਨਸਾਫ਼ ਮੋਰਚਾ’ ਲਾਇਆ ਸੀ, ਜੋ 193 ਦਿਨਾਂ ਤੱਕ ਚੱਲਦਾ ਰਿਹਾ ਸੀ ਤੇ ਦਸੰਬਰ 2018 ’ਚ ਜਾ ਕੇ ਖ਼ਤਮ ਹੋਇਆ ਸੀ। ਤਦ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੋਰਚੇ ਦੇ ਆਗੂਆਂ ਤੱਕ ਪਹੁੰਚ ਕਰ ਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਤਦ ਪੰਥਕ ਹਲਕਿਆਂ ਵਿੱਚ ਉਹ ਮੋਰਚਾ ਖ਼ਤਮ ਕੀਤੇ ਜਾਣ ਦੀ ਸਖ਼ਤ ਆਲੋਚਨਾ ਵੀ ਹੋਈ ਸੀ।

LEAVE A REPLY

Please enter your comment!
Please enter your name here