
ਮੋਗਾ,28,ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ) – ਭਾਵੇਂ ਕਿ ਸਿੱਖਿਆ ਵਿਭਾਗ ਦੁਆਰਾ ਲੰਬੀ ਉਡੀਕ ਤੋਂ ਬਾਅਦ ਅਧਿਆਪਕਾਂ ਦੀਆਂ ਬਦਲੀਆਂ ਕਰਕੇ ਉਨ੍ਹਾਂ ਨੂੰ ਖੁਸ਼ ਕਰ ਦਿੱਤਾ ਪਰ ਅਜੇ ਵੀ ਉਨ੍ਹਾਂ ਨੂੰ ਘਰ ਜਾਣਾ ਨਸੀਬ ਨਾ ਹੋਣ ਕਰਕੇ ਬਦਲੀਆਂ ਵਾਲੇ ਖਾਸ ਕਰ ਪ੍ਰਾਇਮਰੀ ਅਧਿਆਪਕ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ । ਵਿਭਾਗ ਦੁਆਰਾ ਵਾਰ ਵਾਰ ਬਦਲੀਆਂ ਲਾਗੂ ਕਰਨ ਦੀਆਂ ਤਰੀਕਾਂ ਨੇ ਉਕਤ ਅਧਿਆਪਕਾਂ ਨੂੰ ਸੁੱਕਣੇ ਪਾਇਆ ਹੋਇਆ ਹੈ । ਪ੍ਰਾਇਮਰੀ ਅਧਿਆਪਕ ਨਿਰਮਲ ਸਿੰਘ, ਦਿਨੇਸ਼ ਗਰਗ, ਮੰਜੂ ਸ਼ਰਮਾ, ਵੀਰਪਾਲ ਕੌਰ, ਕੁਲਵਿੰਦਰ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ 5 ਸਾਲ ਬਾਅਦ ਘਰਾਂ ਦੇ ਨੇੜੇ ਜਾਣ ਦਾ ਮੌਕਾ ਮਿਲਿਆ ਪਰ ਬਦਲੀ ਹੋਣ ਦੇ ਬਾਵਜੂਦ ਹੁਣ ਲਾਗੂ ਕਰਨ ਚ ਦੇਰੀ ਕਾਰਨ ਉਹ ਡਾਹਢੀ ਪ੍ਰੇਸ਼ਾਨੀ ਝੱਲ ਰਹੇ ਹਨ । ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪਹਿਲਾਂ 10 ਅਪ੍ਰੈਲ ਉਸਤੋ ਬਾਅਦ 15 ਅਪ੍ਰੈਲ ਫਿਰ 21 ਅਪ੍ਰੈਲ ਨੂੰ ਬਦਲਦਿਆਂ 28 ਅਪ੍ਰੈਲ ਕਰ ਦਿੱਤੀ । ਜਦੋਂ 28 ਅਪ੍ਰੈਲ ਨੇੜੇ ਆਈ ਤਾਂ ਹੁਣ ਬਦਲੀ ਲਾਗੂ ਹੋਣ ਦੀ ਤਰੀਕ 4 ਮਈ ਤੱਕ ਵਧਾ ਦਿੱਤੀ ਹੈ, ਜਿਸਦਾ ਕੋਈ ਭਰੋਸਾ ਨਹੀਂ ਕਿ ਇਸ ਦਿਨ ਬਦਲੀ ਦੇ ਹੁਕਮ ਲਾਗੂ ਹੋਣ ਜਾਂ ਨਹੀਂ । ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਬਿਨਾਂ ਦੇਰੀ ਬਦਲੀ ਦੇ ਹੁਕਮ ਲਾਗੂ ਕਰਕੇ ਅਧਿਆਪਕਾਂ ਨੂੰ ਫਾਰਗ ਕੀਤਾ ਜਾਵੇ ਤਾਂ ਕਿ ਉਹ ਨਵੇਂ ਸਕੂਲਾਂ ਵਿੱਚ ਹਾਜ਼ਰ ਹੋ ਸਕਣ ।
