ਚੰਡੀਗੜ/ ਬਠਿੰਡਾ, 1 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) ਬਠਿੰਡਾ ਸ਼ਹਿਰ ਦੇ ਲੋਕਾਂ ਦੇ ਚਿਰਾਂ ਦੀ ਮੰਗ ਪੂਰੀ ਕਰਦਿਆਂ ਅੱਜ ਸ਼ਹਿਰ ਵਿਚ ਦੋ ਨਵੇਂ ਰੇਲਵੇ ਓਵਰ ਬਿ੍ਰਜਾਂ ਸਮੇਤ ਕੁੱਲ 5 ਪ੍ਰੋਜੈਕਟਾਂ ਦੇ ਨੀਂਹ ਪੱਥਰ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਰੱਖੇ। ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਨੂੰ ਰੇਲਵੇ ਫਾਟਕਾਂ ਤੇ ਲੱਗਦੇ ਜਾਮ ਤੋਂ ਵੱਡੀ ਮੁਕਤੀ ਦਿਵਾਉਣਗੇ ਅਤੇ ਆਮ ਜਨ ਜੀਵਨ ਸੌਖਾਲਾ ਹੋ ਜਾਵੇਗਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਬਠਿੰਡਾ ਉੱਤਰ ਭਾਰਤ ਦਾ ਇਕ ਅਜਿਹਾ ਨਗਰ ਹੈ ਜਿੱਥੋਂ ਰੇਲ ਸੰਪਰਕ ਜਿਆਦਾ ਹੋਣ ਕਾਰਨ ਸ਼ਹਿਰ ਵਿਚੋਂ ਦੀ ਕਈ ਰੇਲ ਲਾਈਨਾਂ ਲੰਘਦੀਆਂ ਹਨ। ਜਿਸ ਕਾਰਨ ਸ਼ਹਿਰ ਰੇਲ ਲਾਈਨਾਂ ਕਾਰਨ ਕਈ ਭਾਗਾਂ ਵਿਚ ਵੰਡਿਆਂ ਜਾਂਦਾ ਹੈ ਅਤੇ ਇਸ ਨਾਲ ਸ਼ਹਿਰ ਦੇ ਇਕ ਭਾਗ ਤੋਂ ਦੂਜੇ ਭਾਗ ਵਿਚ ਜਾਣ ਵਿਚ ਅਕਸਰ ਰੇਲ ਫਾਟਕਾਂ ਦੇ ਬੰਦ ਹੋਣ ਤੇ ਲੋਕਾਂ ਨੂੰ ਜਾਮ ਵਿਚ ਫਸਣਾ ਪੈਂਦਾ ਸੀ।
ਵਿੱਤ ਮੰਤਰੀ ਨੇ ਦੱਸਿਆ ਕਿ ਇਸ ਸੱਮਸਿਆ ਦੇ ਸਥਾਈ ਹੱਲ ਲਈ ਸੂਬਾ ਸਰਕਾਰ ਦੀ ਪਹਿਲ ਕਦਮੀ ਤੇ ਸ਼ਹਿਰ ਵਿਚੋਂ ਲੰਘਦੀ ਬਠਿੰਡਾ ਪਟਿਆਲਾ, ਬਠਿੰਡਾ ਦਿੱਲੀ ਤੇ ਬਠਿੰਡਾ ਸਿਰਸਾ ਰੇਲ ਲਾਇਨ ਦੇ ਅੜਿਕੇ ਨੂੰ ਦੂਰ ਕਰਨ ਲਈ ਦੋ ਰੇਲਵੇ ਓਵਰ ਬਿ੍ਰਜ, ਇਕ ਪੈਦਲ ਚੱਲਣ ਵਾਲਾ ਓਵਰ ਬਿ੍ਰਜ ਅਤੇ ਦੋ ਛੋਟੇ ਅੰਡਰ ਬਿ੍ਰਜ ਬਣਾਉਣ ਦਾ ਪ੍ਰੋਜੈਕਟ ਉਲੀਕਿਆਂ ਗਿਆ ਹੈ। ਇੰਨਾਂ ਪ੍ਰੋਜੈਕਟਾਂ ਤੇ 95 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸਦਾ ਸ਼ਹਿਰ ਦੀ ਸੰਘੂਆਣਾ ਬਸਤੀ, ਸੰਜੈ ਨਗਰ, ਨਰੂਆਣਾ, ਅਮਰਪੁਰਾ ਬਸਤੀ, ਭਗਤ ਸਿੰਘ ਨਗਰ ਆਦਿ ਦੀ 50 ਹਜਾਰ ਦੀ ਅਬਾਦੀ ਨੂੰ ਸਿੱਧਾ ਲਾਭ ਪਹੁੰਚੇਗਾ।
ਸ: ਬਾਦਲ ਨੇ ਦੱਸਿਆ ਕਿ ਇੰਨਾਂ ਵਿਚੋਂ ਇਕ ਰੇਲਵੇ ਓਵਰ ਬਿ੍ਰਜ 790 ਮੀਟਰ ਲੰਬਾ ਹੋਵੇਗਾ ਜਦ ਕਿ ਦੂਸਰਾ ਓਵਰ ਬਿ੍ਰਜ 665 ਮੀਟਰ ਲੰਬਾ ਹੋਵੇਗਾ ਜਿਸ ਦੀ ਇਕ 485 ਮੀਟਰ ਦੀ ਵਾਹੀ ਕਬੀਰ ਦਾਸ ਨਗਰ ਵੱਲ ਵੀ ਜਾਵੇਗੀ। ਇਹ ਪੁੱਲ 9.5 ਮੀਟਰ ਚੌੜੇ ਹੋਣਗੇ ਜਦ ਕਿ ਇੰਨਾਂ ਨਾਲ 5.5 ਮੀਟਰ ਦੀ ਸਰਵਿਸ ਲੇਨ ਵੀ ਬਣਾਈ ਜਾਵੇਗੀ। ਇਸੇ ਤਰਾਂ ਸੰਗੂਆਣਾ ਬਸਤੀ ਅਤੇ ਸਿਰਕੀ ਬਜਾਰ ਨੂੰ ਜੋੜਨ ਲਈ ਦੋ ਛੋਟੇ ਅੰਡਰ ਬਿ੍ਰਜ ਵੀ ਬਣਾਏ ਜਾਣਗੇ। ਇਸੇ ਤਰਾਂ ਸੀ 141 ਨੇੜੇ ਸੰਗੂਆਣਾ ਬਸਤੀ ਜਾਣ ਲਈ ਇਕ ਪੈਦਲ ਚੱਲਣ ਵਾਲਾ ਰਲੇਵੇ ਓਵਰ ਬਿ੍ਰਜ ਦਾ ਨਿਰਮਾਣ ਵੀ ਇਸ ਪ੍ਰੋਜੈਕਟ ਦਾ ਹਿੱਸਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਰੇਲਵੇ ਪ੍ਰੋਜੈਕਟ ਦੀ ਮੰਗ ਸ਼ਹਿਰ ਵਾਸੀ ਲੰਬੇ ਸਮੇਂ ਤੋਂ ਕਰ ਰਹੇ ਸਨ ਅਤੇ ਸੂਬਾ ਸਰਕਾਰ ਨੇ ਲਗਾਤਾਰ ਰੇਲਵੇ ਤੱਕ ਪਹੁੰਚ ਕਰਕੇ ਇੰਨਾਂ ਪ੍ਰੋਜੈਕਟਾਂ ਨੂੰ ਮੰਜੂਰ ਕਰਵਾਇਆ ਹੈ। ਇਹ ਪ੍ਰੋਜੈਕਟ ਸੂਬਾ ਸਰਕਾਰ ਅਤੇ ਰੇਲਵੇ ਸਾਂਝੇ ਤੌਰ ਤੇ ਤਿਆਰ ਕਰਣਗੀਆਂ।
ਇਸ ਮੌਕੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਇੰਨਾਂ ਪ੍ਰੋਜੈਕਟਾਂ ਦੇ ਲੁਕਵੇਂ ਫਾਇਦੇ ਦੱਸਦਿਆ ਆਖਿਆ ਕਿ ਬਿਹਤਰ ਸੜਕੀ ਸੰਪਰਕ ਅੱਜ ਦੇ ਮਨੁੱਖ ਦੀ ਇਕ ਮਹੱਤਵਪੂਰਨ ਜਰੂਰਤ ਹੈ। ਇਹ ਪ੍ਰੋਜੈਕਟ ਤਿਆਰ ਹੋਣ ਨਾਲ ਲੋਕਾਂ ਦੇ ਹਜਾਰਾਂ ਕੀਮਤੀ ਕੰਮਕਾਜੀ ਘੰਟਿਆਂ ਦੀ ਬਚਤ ਹੋਵੇਗੀ ਜੋ ਉਹ ਫਾਟਕਾਂ ਤੇ ਜਾਮ ਵਿਚ ਫਸ ਕੇ ਬਰਬਾਦ ਕਰ ਬੈਠਦੇ ਸਨ। ਇਸੇ ਤਰਾਂ ਇਸ ਨਾਲ ਵਾਹਨ ਇੰਧਨ ਦੀ ਬਚਤ ਹੋਣ ਦੇ ਨਾਲ ਨਾਲ ਇਹ ਸ਼ਹਿਰ ਦੇ ਪ੍ਰਦੂਸ਼ਣ ਨੂੰ ਵੀ ਘੱਟ ਕਰਨ ਵਿਚ ਸਹਾਈ ਹੋਵੇਗਾ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੁਬਾ ਸਰਕਾਰ ਰਾਜ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਨੂੰ ਤਰਜੀਹ ਦੇ ਰਹੀ ਹੈ ਕਿਉਂਕਿ ਰਾਜ ਦਾ ਬੁਨਿਆਦੀ ਢਾਂਚਾ ਹੀ ਸਰਵਪੱਖੀ ਵਿਕਾਸ ਦੀ ਨੀਂਹ ਬਣਦਾ ਹੈ।
————