
ਚੰਡੀਗੜ, 16 ਫਰਵਰੀ (ਸਾਰਾ ਯਹਾ /ਮੁੱਖ ਸੰਪਾਦਕ):ਪੰਜਾਬ ’ਚ ਮੈਡੀਕਲ ਉਦਯੋਗ ਨੂੰ ਹੁਲਾਰਾ ਦੇਣ ਲਈ, ਪੰਜਾਬ ਸਰਕਾਰ ਛੇਤੀ ਹੀ ਸੂਬੇ ’ਚ ਤਿੰਨ ਫਾਰਮਾ/ਮੈਡੀਕਲ ਪਾਰਕਾਂ ਸਥਾਪਿਤ ਕਰੇਗੀ। ਇਨਾਂ ਵਿੱਚੋਂ ਦੋ ਮੈਡੀਕਲ ਪਾਰਕਾਂ ਲਈ ਭਾਰਤ ਸਰਕਾਰ ਨੂੰ ਪਹਿਲਾਂ ਹੀ ਤਜਵੀਜ਼ ਭੇਜੀ ਜਾ ਚੁੱਕੀ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਯੋਜਨਾ ਤਹਿਤ ਬਠਿੰਡਾ ਵਿਖੇ ਲਗਭੱਗ 1800 ਕਰੋੜ ਰੁਪਏ ਦੀ ਲਾਗਤ ਨਾਲ 1300 ਏਕੜ ਖੇਤਰ ਵਿੱਚ ਇੱਕ ਵੱਡੇ ਡਰੱਗ ਫਾਰਮਾ ਪਾਰਕ ਦੀ ਸਥਾਪਨਾ ਦੀ ਤਜਵੀਜ਼ ਤਿਆਰ ਕੀਤੀ ਗਈ ਹੈ ਅਤੇ ਇਹ ਤਜਵੀਜ਼ ਭਾਰਤ ਸਰਕਾਰ ਦੀ ਪ੍ਰਵਾਨਗੀ ਲਈ ਅਕਤੂਬਰ ਮਹੀਨੇ ਭੇਜੀ ਜਾ ਚੁੱਕੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸਦੇ ਨਾਲ ਹੀ ਭਾਰਤ ਸਰਕਾਰ ਦੀ ਯੋਜਨਾ ਤਹਿਤ ਰਾਜਪੁਰਾ ਵਿਖੇ ਲਗਭੱਗ 180 ਕਰੋੜ ਰੁਪਏ ਦੀ ਲਾਗਤ ਨਾਲ 210 ਏਕੜ ਖੇਤਰ ਵਿੱਚ ਮੈਡੀਕਲ ਉਪਕਰਨ ਪਾਰਕ ਦੀ ਸਥਾਪਨਾ ਦੀ ਤਜਵੀਜ਼ ਤਿਆਰ ਕੀਤੀ ਗਈ ਹੈ ਅਤੇ ਇਹ ਪ੍ਰਾਜੈਕਟ ਅਕਤੂਬਰ ’ਚ ਪ੍ਰਵਾਨਗੀ ਲਈ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਗਿਆ ਸੀ।

ਉਦਯੋਗ ਮੰਤਰੀ ਨੇ ਦੱਸਿਆ ਕਿ ਸੂਬੇ ਭਰ ’ਚ ਫਾਰਮਾ ਸੈਕਟਰ ਦੀ ਉੱਭਰ ਰਹੀ ਜ਼ਰੂਰਤ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪਿੰਡ ਵਜ਼ੀਰਾਬਾਦ, ਫ਼ਤਿਹਗੜ ਸਾਹਿਬ ਵਿਖੇ 130.32 ਏਕੜ ਖੇਤਰ ਵਿੱਚ ਇੱਕ ਗਰੀਨ ਫੀਲਡ ਪ੍ਰਾਜੈਕਟ ਦੀ ਸਥਾਪਨਾ ਕੀਤੀ ਜਾਵੇਗੀ।
ਸ੍ਰੀ ਅਰੋੜਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਏ.ਪੀ.ਆਈਜ਼ ਦੀਆਂ ਵਿਸ਼ਾਲ ਕਿਸਮਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰੇਗਾ। ਇਸ ਪ੍ਰਾਜੈਕਟ ਦਾ ਵਿਚਾਰ ਕੋਵਿਡ-19 ਮਹਾਂਮਾਰੀ ਦੌਰਾਨ ਸਾਹਮਣੇ ਆਇਆ, ਜਿਸ ਲਈ ਗ੍ਰਾਮ ਪੰਚਾਇਤ ਦੀ 130.32 ਏਕੜ ਜ਼ਮੀਨ ਖ਼ਰੀਦੀ ਗਈ ਅਤੇ ਜ਼ਮੀਨ ਦਾ ਕਬਜ਼ਾ ਵੀ ਲਿਆ ਜਾ ਚੁੱਕਾ ਹੈ।
