ਬਠਿੰਡਾ 26 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਸੂਬੇ ਦੇ ਜ਼ਿਲ੍ਹਾ ਬਠਿੰਡਾ (Bathinda) ਵਿਖੇ ਇੱਕ ਨਿੱਜੀ ਹੋਟਲ ਵਿੱਚ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ (BJP Leader Ashwini Sharma) ਪੁੱਜੇ। ਜਿੱਥੇ ਸਵੇਰ ਤੋਂ ਹੀ ਹੋਟਲ ਦੇ ਰਾਹ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਗਿਆ ਹੈ। ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਲਈ ਸਹੀ ਹਨ ਪ੍ਰੰਤੂ ਕੁਝ ਸ਼ਰਾਰਤੀ ਅਨਸਰ ਅਤੇ ਮੌਜੂਦਾ ਕਾਂਗਰਸ ਸਰਕਾਰ ਉਨ੍ਹਾਂ ਨੂੰ ਸ਼ਹਿ ਦੇ ਰਹੀ ਹੈ ਜੋ ਕਿ ਸਾਡੇ ਖ਼ਿਲਾਫ਼ ਅਜਿਹੀਆਂ ਹਰਕਤਾਂ ਕਰ ਰਹੇ ਹਨ।
ਕਿਸਾਨ ਅੰਦੋਲਨ ਤੇ ਬੋਲਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਅੰਬ ਚੂਪਣ ਨਾਲ ਮਤਲਬ ਹੋਣਾ ਚਾਹੀਦਾ ਹੈ ਗਿੱਟਕਾਂ ਨਹੀਂ ਗਿੰਣਨੀਆਂ ਚਾਹੀਦੀਆਂ। ਕਿਸਾਨਾਂ ਨੂੰ ਇਹ ਜ਼ਿੱਦ ਛੱਡਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿ ਆਏ ਦਿਨ ਸਾਡੇ ਕਈ ਲੀਡਰਾਂ ਦੇ ਘਰਾਂ ਦਾ ਘਿਰਾਓ ਹੁੰਦਾ ਹੈ।
ਬੀਤੇ ਕੱਲ੍ਹ ਬਠਿੰਡਾ ਵਿੱਚ ਬੀਜੇਪੀ ਪਾਰਟੀ ਦੇ ਸਮਾਗਮ ਵਿੱਚ ਹੋਈ ਭੰਨਤੋੜ ‘ਤੇ ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਜੋ ਹੋਇਆ ਸਰਾਸਰ ਗ਼ਲਤ ਹੈ। ਅਮਰਿੰਦਰ ਸਿੰਘ ਦੀ ਸਰਕਾਰ ਕਾਨੂੰਨ ਵਿਵਸਥਾ ਠੀਕ ਨਹੀਂ, ਇਸਦੀ ਮੈਂ ਨਿਖੇਧੀ ਕਰਦਾ ਹਾਂ ਅਤੇ ਸਰਕਾਰ ਨੂੰ ਜਗਾਉਣਾ ਚਾਹੁੰਦਾ ਹਾਂ। ਅਸ਼ਵਨੀ ਨੇ ਅੱਗੇ ਕਿਹਾ ਕਿ ਡੀਸੀ ਅਤੇ ਐੱਸਐੱਸਪੀ ਨੂੰ ਜਲਦ ਕਾਰਵਾਈ ਕਰਨ। ਨਾਲ ਹੀ ਅਸ਼ਵਨੀ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਬੀਜੇਪੀ ਦੇ ਸ਼ਾਂਤਮਈ ਸਮਾਗਮਾਂ ਨੂੰ ਬੀਜੇਪੀ ਦੀ ਕਮਜ਼ੋਰੀ ਨਾ ਸਮਝਿਆ ਜਾਵੇ।
ਇਸ ਦੇ ਨਾਲ ਹੀ ਹਰਵਿੰਦਰ ਖ਼ਾਲਸਾ ਵੱਲੋਂ ਪਾਰਟੀ ਛੱਡਣ ਦੇ ਸਵਾਲ ‘ਤੇ ਕਿਹਾ ਕਿ ਉਹ ਦੂਜੀ ਪਾਰਟੀ ਤੋਂ ਆਏ ਸੀ ਮੈਨੂੰ ਨਹੀਂ ਪਤਾ ਕੀ ਕਾਰਨ ਰਿਹਾ ਕਿਉਂ ਗਏ। ਮੈਂ ਕੋਈ ਕੁਮੈਂਟ ਨਹੀਂ ਕਰਦਾ ਜਦੋਂ ਤਕ ਮੇਰੇ ਕੋਲ ਕੋਈ ਪੂਰੀ ਜਾਣਕਾਰੀ ਨਹੀਂ ਆਉਂਦੀ।
ਉਧਰ ਦੂਜੇ ਪਾਸੇ ਘਿਰਾਓ ਕਰਨ ਆਏ ਕਿਸਾਨਾਂ ਨੇ ਕਿਹਾ ਕਿ ਜਦ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਸਾਡਾ ਘੇਰਾਵ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨਾਂ ਨੇ ਕਿਹਾ ਕਿ ਜਿੱਥੇ ਕਿਤੇ ਵੀ ਬੀਜੇਪੀ ਪਾਰਟੀ ਦੇ ਲੀਡਰ ਹੋਣਗੇ ਕਿਸਾਨਾਂ ਉਨ੍ਹਾਂ ਦਾ ਉੱਥੇ ਜਾ ਕੇ ਘਿਰਾਓ ਕਰਾਂਗੇ।