
ਬਠਿੰਡਾ 01 ਜੁਲਾਈ (ਸਾਰਾ ਯਹਾ ) : ਬਠਿੰਡਾ ਥਰਮਲ ਪਲਾਂਟ ਨਜ਼ਦੀਕ ਕਿਸਾਨ ਦੀ ਲਾਸ਼ ਭੇਦ-ਭਰੇ ਹਾਲਾਤ ‘ਚ ਬਰਾਮਦ ਹੋਈ ਹੈ। ਕਿਸਾਨ ਦੀ ਮੌਤ ਕਿਵੇਂ ਹੋਈ, ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਕਿਸਾਨ ਦੀ ਲਾਸ਼ ਨਜ਼ਦੀਕ ਇੱਕ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਤੇ ਨਾਲ ਹੀ ਬੈਨਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।
ਇਸ ਬੈਨਰ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੈ। ਇਸ ਫੋਟੋ ਦੇ ਹੇਠਾ ਲਿਖਿਆ ਗਿਆ ਹੈ ਕਿ “ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਇਤਿਹਾਸਕ ਸ਼ਾਨ, ਮੈਂ ਕਰਦਾ ਹਾਂ ਇਸ ਨੂੰ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ।” ਇਸ ਬੈਨਰ ਨੂੰ ਪੜ੍ਹਨ ਤੋਂ ਬਾਅਦ ਇਸ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਅਸਲ ਸੱਚਾਈ ਪੋਸਟਮਾਰਟਮ ਰਿਪਰੋਟ ਤੋਂ ਬਾਅਦ ਹੀ ਪਤਾ ਲੱਗੇਗੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਇਸ ਘਟਨਾ ਤੇ ਗਹਿਰਾ ਦੁਖ ਜਤਾਉਂਦੇ ਹੋਏ ਇਸ ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
