ਬਠਿੰਡਾ ਥਰਮਲ ਪਲਾਂਟ ਦੀ ਥਾਂ ਲੱਗਣ ਵਾਲੇ ਪ੍ਰਾਜੈਕਟ ਪੰਜਾਬ ਦੇ ਵਿਕਾਸ ਨੂੰ ਦੇਣਗੇ ਹੁਲਾਰਾ: ਮਨਪ੍ਰੀਤ ਸਿੰਘ ਬਾਦਲ

0
73

ਚੰਡੀਗੜ੍ਹ, 23 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) :  ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਕਿ ਘਾਟੇ ਦਾ ਸੌਦਾ ਅਤੇ ਪ੍ਰਦੂਸ਼ਣ ਦਾ ਸਾਧਨ ਬਣੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਉਪਰੰਤ ਇਸ ਦੀ ਜਗ੍ਹਾ ਉਤੇ ਲੱਗਣ ਵਾਲੇ ਪ੍ਰਾਜੈਕਟ ਪੰਜਾਬ ਦੇ ਵਿਕਾਸ ਨੂੰ ਨਵਾਂ ਰੁਖ਼ ਦੇਣਗੇ। ਇਸ ਪਲਾਂਟ ਦੀ ਜਗ੍ਹਾ ਉਤੇ ਪੰਜਾਬ ਦੇ ਸਭ ਤੋਂ ਵੱਡੇ ਉਦਯੋਗਿਕ ਪਾਰਕ ਦੇ ਨਿਰਮਾਣ ਲਈ ਰਾਹ ਪੱਧਰਾ ਹੋਵੇਗਾ।

       ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਵਾਤਾਵਰਣ, ਆਰਥਿਕ ਅਤੇ ਪ੍ਰਸ਼ਾਸਨਿਕ ਕਾਰਨਾਂ ਕਰਕੇ ਤਿੰਨ ਸਾਲ ਪਹਿਲਾਂ ਬੰਦ ਹੋ ਗਿਆ ਸੀ ਪਰ ਇਸ ਸਬੰਧੀ ਹਾਲ ਹੀ ਵਿੱਚ ਮਨਜ਼ੂਰ ਹੋਈ ਯੋਜਨਾ ਨਾਲ ਦੱਖਣੀ ਪੰਜਾਬ ਦੀ ਆਰਥਿਕਤਾ ਬੁਲੰਦੀਆਂ ਨੂੰ ਛੂਹੇਗੀ।

       ਵਿੱਤ ਮੰਤਰੀ ਨੇ ਚੀਨ ਵਿੱਚੋਂ ਕਾਰੋਬਾਰ ਸਮੇਟਣ ਵਾਲੀਆਂ ਕੰਪਨੀਆਂ ਨੂੰ ਬਠਿੰਡਾ ਦੇ ਨਵੇਂ ਉਦਯੋਗਿਕ ਕੰਪਲੈਕਸ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਕਿਹਾ ਕਿ ਬਠਿੰਡਾ ਨਵੇਂ ਸਨਅਤੀ ਧੁਰੇ ਵਜੋਂ ਉਭਰੇਗਾ। ਇਸ ਤੋਂ ਇਲਾਵਾ, ਬਠਿੰਡਾ ਸ਼ਹਿਰ ਨੂੰ 164 ਏਕੜ ਜਲ ਸੋਮੇ ਅਤੇ ਝੀਲਾਂ ਮਿਲਣਗੀਆਂ, ਜੋ ਪਹਿਲਾਂ ਥਰਮਲ ਪਲਾਂਟ ਦਾ ਹਿੱਸਾ ਸਨ। ਇਸੇ ਤਰ੍ਹਾਂ, ਇਸ ਪਲਾਂਟ ਦੇ ਬੰਦ ਹੋਣ ਕਾਰਨ ਖਾਲੀ ਹੋਈ ਪਾਵਰ ਕਾਲੋਨੀ, ਜੋ 280 ਏਕੜ ਰਕਬੇ ਵਿੱਚ ਫੈਲੀ ਹੋਈ ਹੈ, ਵਿੱਚ ਪੂਰੀ ਸਿਵਲ ਅਤੇ ਪੁਲੀਸ ਲਾਈਨ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਰਿਹਾਇਸ਼ੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਬਠਿੰਡਾ ਵਾਸੀਆਂ ਨੂੰ ਕੋਲੇ ਵਾਲੇ ਇਸ ਬਿਜਲੀ ਪਲਾਂਟ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੋਂ ਸੁੱਖ ਦਾ ਸਾਹ ਆਇਆ ਹੈ।

       ਵਿੱਤ ਮੰਤਰੀ ਨੇ ਦੱਸਿਆ ਕਿ ਬਠਿੰਡਾ ਥਰਮਲ ਪਲਾਂਟ 1974 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਪਲਾਂਟ ਸੀ, ਜੋ ਆਪਣੀ 25 ਸਾਲ ਦੀ ਅਸਲ ਮਿਆਦ ਪਾਰ ਕਰ ਚੁੱਕਾ ਸੀ। ਕੇਂਦਰੀ ਬਿਜਲੀ ਏਜੰਸੀ (ਸੀ.ਈ.ਏ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਗ਼ੈਰ-ਵਿਹਾਰਕ ਥਰਮਲ ਪਲਾਂਟ, ਜੋ 25 ਸਾਲ ਦੀ ਮਿਆਦ ਪੁਗਾ ਚੁੱਕੇ ਹਨ, ਨੂੰ ਬੰਦ ਕਰ ਦਿੱਤਾ ਜਾਣਾ ਹੈ।

       ਬਠਿੰਡਾ ਥਰਮਲ ਪਲਾਂਟ ਵਿੱਚ ਬਿਜਲੀ ਪੈਦਾਵਾਰ ਦੀ ਲਾਗਤ 7.70 ਰੁਪਏ ਪ੍ਰਤੀ ਯੂਨਿਟ ਤੋਂ ਵੱਧ ਸੀ ਜਦੋਂਕਿ ਪੰਜਾਬ ਸਰਕਾਰ ਇਸ ਵੇਲੇ 2.30-2.70 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਥਰਮਲ ਪਲਾਂਟ ਸਿਰਫ਼ 7.23 ਫ਼ੀਸਦੀ ਪਲਾਂਟ ਲੋਡ ਫੈਕਟਰ ‘ਤੇ ਚੱਲ ਰਿਹਾ ਸੀ, ਜਿਸ ਕਾਰਨ ਇਹ ਵਿਹਾਰਕ ਨਹੀਂ ਸੀ। ਇਸ ਤੋਂ ਇਲਾਵਾ ਇਸ ਥਰਮਲ ਪਲਾਂਟ ਨੂੰ ਮਹਿਜ਼ ਚਾਲੂ ਹਾਲਤ ਵਿੱਚ ਰੱਖਣ ਦਾ ਸਾਲਾਨਾ ਖਰਚ 110 ਕਰੋੜ ਰੁਪਏ ਤੋਂ ਵੱਧ ਸੀ।

       ਵਿੱਤ ਮੰਤਰੀ ਨੇ ਦੱਸਿਆ ਕਿ ਜੰਗਲਾਤ ਮੰਤਰਾਲੇ ਵੱਲੋਂ ਤਾਪ ਬਿਜਲੀ ਘਰਾਂ ਨੂੰ ਫਲੂ ਗੈਸ ਡੀਸਲਫਰਾਇਜ਼ੇਸ਼ਨ, ਸਸਪੈਂਡਡ ਪਾਰਟੀਕੁਲੇਟ ਮੈਟਰ (ਐਸ.ਪੀ.ਐਮ.) ਅਤੇ ਮਰਕਰੀ ਕੰਟਰੋਲ ਯੰਤਰ ਲਗਾਉਣ ਦੀ ਪਹਿਲਾਂ ਹੀ ਹਦਾਇਤ ਕੀਤੀ ਗਈ ਹੈ, ਜਿਸ ਦੀ ਉਲੰਘਣਾ ਉਤੇ ਰੋਜ਼ਾਨਾ 18 ਲੱਖ ਰੁਪਏ ਜੁਰਮਾਨਾ ਹੋਵੇਗਾ। ਇਸ ਤਰ੍ਹਾਂ ਇਸ ਪਲਾਂਟ ਨੂੰ ਚਲਾਉਣ ਉਤੇ ਸੂਬੇ ਨੂੰ ਇਸ ਜੁਰਮਾਨੇ ਭਾਰ ਵੀ ਸਹਿਣ ਕਰਨਾ ਪੈਣਾ ਸੀ।

       ਉਨ੍ਹ•ਾਂ ਕਿਹਾ ਕਿ ਇਸ ਥਰਮਲ ਨੂੰ ਬੰਦ ਕਰਨ ਤੋਂ ਬਾਅਦ ਇਕ ਵੀ ਕਰਮਚਾਰੀ, ਚਾਹੇ ਉਹ ਪੱਕਾ ਹੋਵੇ ਜਾਂ ਕੱਚਾ ਜਾਂ ਠੇਕੇ ‘ਤੇ ਹੋਵੇ, ਨੂੰ ਨੌਕਰੀ ਤੋਂ ਨਹੀਂ ਹਟਾਇਆ ਗਿਆ ਅਤੇ ਉਨ੍ਹ•ਾਂ ਦਾ ਰੋਜ਼ਗਾਰ ਬਰਕਰਾਰ ਰੱਖਿਆ ਗਿਆ ਹੈ।

       ਪੰਜਾਬ ਕੈਬਨਿਟ ਦੇ ਨਵੇਂ ਫੈਸਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ: ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਇਸ ਥਰਮਲ ਲਈ 164 ਏਕੜ ਵਿੱਚ ਬਣੀਆਂ ਝੀਲਾਂ ਨੂੰ ਹੁਣ ਜਲ ਸਪਲਾਈ ਸਿਸਟਮ ਨਾਲ ਜੋੜਿਆ ਜਾਵੇਗਾ। ਬਠਿੰਡਾ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਨਹਿਰੀ ਪਾਣੀ ‘ਤੇ ਨਿਰਭਰ ਹੈ ਅਤੇ ਵਰਤਮਾਨ ਵਿੱਚ ਸ਼ਹਿਰ ਦੀ ਜਲ ਭੰਡਾਰ ਸਮਰੱਥਾ 10 ਦਿਨ ਦੀ ਹੈ। ਇਨ੍ਹ•ਾਂ ਝੀਲਾਂ ਦੇ ਜੁੜ ਜਾਣ ਨਾਲ ਸ਼ਹਿਰ ਦੀ ਜਲ ਭੰਡਾਰ ਸਮੱਰਥਾ 60 ਦਿਨ ਤੱਕ ਵੱਧ ਜਾਵੇਗੀ।

       ਇਸੇ ਤਰ੍ਹਾਂ 280 ਏਕੜ ਵਿਚ ਬਣੀ ਪਾਵਰ ਕਾਲੋਨੀ ਵਿਚ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਦਰਜਾ-4 ਤੱਕ ਸਾਰੇ ਸਟਾਫ ਨੂੰ ਰਿਹਾਇਸ਼ ਮਿਲ ਸਕੇਗੀ। ਨਹੀਂ ਤਾਂ ਇਸ ਕਾਲੋਨੀ ਨੇ ਖੰਡਰ ਬਣ ਜਾਣਾ ਸੀ। ਇਸ ਤਬਦੀਲੀ ਨਾਲ ਬਠਿੰਡਾ ਸ਼ਹਿਰ ਦੇ ਕੇਂਦਰ ਵਿੱਚ 65 ਏਕੜ ਥਾਂ ਖਾਲੀ ਹੋਵੇਗੀ ਜਿੱਥੇ ਪੰਜਾਬ ਵਿੱਚੋਂ ਨਿਵੇਕਲੀ ਅਤੇ ਸਭ ਤੋਂ ਆਧੁਨਿਕ ਕਿਸਮ ਦਾ ਸੈਂਟਰਲ ਕਮਰਸ਼ੀਅਲ ਕੰਪਲੈਕਸ ਬਣਾਇਆ ਜਾਵੇਗਾ।

       ਇਸ ਤੋਂ ਇਲਾਵਾ 1320 ਏਕੜ ਜ਼ਮੀਨ, ਜੋ ਪਲਾਂਟ ਅਤੇ ਰਾਖ ਭੰਡਾਰ ਲਈ ਵਰਤੀ ਜਾਂਦੀ ਸੀ, ਨੂੰ ਇੰਡਸਟਰੀਅਲ ਪਾਰਕ ਵਿੱਚ ਤਬਦੀਲ ਕੀਤਾ ਜਾਵੇਗਾ, ਜੋ ਪੰਜਾਬ ਦਾ ਸਭ ਤੋਂ ਵੱਡਾ ਇੰਡਸਟਰੀਅਲ ਪਾਰਕ ਹੋਵੇਗਾ। ਪੰਜਾਬ ਸਰਕਾਰ ਇੱਥੇ ਫਾਰਮਾਸਿਊਟੀਕਲ ਇੰਡਸਟਰੀਅਲ ਪਾਰਕ ਬਣਾਉਣ ਲਈ ਭਾਰਤ ਸਰਕਾਰ ਨਾਲ ਰਾਬਤਾ ਕਰ ਰਹੀ ਹੈ, ਜੋ ਕਿ ਦੇਸ਼ ਵਿੱਚ ਇਸ ਕਿਸਮ ਦੇ ਤਿੰਨ ਪਾਰਕਾਂ ਵਿੱਚੋਂ ਇਕ ਹੋਵੇਗਾ। ਸਿੱਖਿਆ ਅਤੇ ਮੈਡੀਕਲ ਦੇ ਧੁਰੇ ਵਜੋਂ ਵਿਕਸਤ ਹੋਇਆ ਬਠਿੰਡਾ ਇਸ ਨਾਲ ਸਨਅਤੀ ਕੇਂਦਰ ਵੀ ਬਣ ਜਾਵੇਗਾ। ਇੱਥੇ ਪਹਿਲਾਂ ਤੋਂ ਸਥਿਤ ਰੇਲਵੇ ਲਾਈਨ ਦਾ ਵੀ ਇਸ ਇੰਡਸਟਰੀਅਲ ਪਾਰਕ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇਹ ਬਠਿੰਡਾ ਦੇ ਸਰਬਪੱਖੀ ਵਿਕਾਸ ਲਈ ਸਭ ਤੋਂ ਵੱਡਾ ਹੁਲਾਰਾ ਹੋਵੇਗਾ।

—————–

LEAVE A REPLY

Please enter your comment!
Please enter your name here