ਬਠਿੰਡਾ 07 ਸਤੰਬਰ(ਸਾਰਾ ਯਹਾਂ/ਬਿਊਰੋ ਨਿਊਜ਼):
ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਵਿੱਚ ਇੱਕ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਸ ਦੀ ਕਾਰ ਵਿੱਚੋਂ ਹੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਅਜੇ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਹੈ ਜਾਂ ਖੁਦਕੁਸ਼ੀ। ਮ੍ਰਿਤਕ ਥਾਣੇਦਾਰ ਦੀ ਪਛਾਣ ਰਣਧੀਰ ਸਿੰਘ ਭੁੱਲਰ ਵਜੋਂ ਹੋਈ ਹੈ, ਜੋ ਇਸ ਸਮੇਂ ਜਗਰਾਉਂ ਵਿਖੇ ਤਾਇਨਾਤ ਸੀ। ਘਟਨਾ ਤੋਂ ਬਾਅਦ ਇਲਾਕੇ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਬਠਿੰਡਾ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਫੋਰੈਂਸਿਕ ਟੀਮ ਜਾਂਚ ਲਈ ਪਹੁੰਚੀ
ਘਟਨਾ ਦੀ ਜਾਂਚ ਲਈ ਫੋਰੈਂਸਿਕ ਟੀਮ ਵੀ ਪਹੁੰਚ ਗਈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਪੁਲਿਸ ਟੀਮ ਨਾਲ ਮੌਕੇ ’ਤੇ ਪੁੱਜੇ। ਗੋਲੀ ਲੱਗਣ ਕਾਰਨ ਥਾਣੇਦਾਰ ਰਣਧੀਰ ਸਿੰਘ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੀ ਜਾਂ ਖੁਦਕੁਸ਼ੀ ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਪਤਾ ਲੱਗ ਸਕੇ ਕਿ ਉਕਤ ਇੰਸਪੈਕਟਰ ਨੂੰ ਆਖਰੀ ਵਾਰ ਕੌਣ ਮਿਲਿਆ ਸੀ। ਪੁਲਿਸ ਨੇ ਫ਼ੋਨ ਵੀ ਜਾਂਚ ਲਈ ਭੇਜ ਦਿੱਤਾ ਹੈ।
ਇਸ ਮਾਮਲੇ ਦੀ ਸੂਚਨਾ ਵੀਰਵਾਰ ਦੁਪਹਿਰ ਕਰੀਬ 3 ਵਜੇ ਪੁਲਿਸ ਕੰਟਰੋਲ ਰੂਮ ‘ਚ ਦਿੱਤੀ ਗਈ। ਇੰਸਪੈਕਟਰ ਦੀ ਰਿਹਾਇਸ਼ ਮਾਡਲ ਟਾਊਨ ਫੇਜ਼-1 ਵਿੱਚ ਹੀ ਹੈ। ਇੰਸਪੈਕਟਰ ਦੀ ਲਾਸ਼ ਉਸ ਦੀ ਕਾਰ ਵਿੱਚ ਪਈ ਸੀ। ਜਦੋਂ ਤੱਕ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਸੀ, ਉਦੋਂ ਤੱਕ ਉਕਤ ਇੰਸਪੈਕਟਰ ਦੀ ਮੌਤ ਹੋ ਚੁੱਕੀ ਸੀ।