
ਬਠਿੰਡਾ 23 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਸ਼ਹਿਰ ਦੇ ਇੱਕ ਮਕਾਨ ’ਚੋਂ ਤਿੰਨ ਲਾਸ਼ਾਂ ਮਿਲਣ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਇਹ ਲਾਸ਼ਾਂ ਪਰਿਵਾਰ ਦੇ ਮੁਖੀ, ਉਸ ਦੀ ਪਤਨੀ ਤੇ ਧੀ ਦੀਆਂ ਹਨ। ਇਹ ਲਾਸ਼ਾਂ ਕਮਲਾ ਨਹਿਰੂ ਕਾਲੋਨੀ ਦੀ ਕੋਠੀ ਨੰਬਰ 387 ’ਚੋਂ ਮਿਲੀਆਂ ਹਨ।
ਮ੍ਰਿਤਕਾਂ ਦੀ ਸ਼ਨਾਖ਼ਤ ਚਰਨਜੀਤ ਸਿੰਘ ਖੋਖਰ, ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਤੇ ਧੀ ਸਿਮਰਨ ਕੌਰ ਵਜੋਂ ਹੋਈ ਹੈ। ਤਿੰਨਾਂ ਦੇ ਸਿਰ ’ਚ ਗੋਲੀ ਲੱਗੀ ਹੋਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਹਾਲੇ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਹੈ ਜਾਂ ਕਤਲ ਦਾ।
ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਖੋਖਰ ਪਿੰਡ ਬੀਬੀਵਾਲਾ ਦੀ ਕਾਰਪੋਰੇਟ ਸੁਸਾਇਟੀ ਦੇ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਅੱਜ ਸਵੇਰੇ ਹੋਰ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਤਿੰਨਾਂ ਨੂੰ ਮ੍ਰਿਤਕ ਹਾਲਤ ਵਿੱਚ ਵੇਖਿਆ। ਫ਼ੌਰੈਂਸਿਕ ਟੀਮ ਆਪਣੇ ਪੱਧਰ ਉੱਤੇ ਜਾਂਚ ਕਰ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
