ਬਠਿੰਡਾ, 20 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਬਠਿੰਡਾ ‘ਚ ਘਰੇਲੂ ਝਗੜੇ ਦੇ ਚਲਦਿਆਂ ਪਤੀ ਨੇ ਆਪਣੀ ਹੀ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਤਲ ਪਤੀ ਨੇ ਪਤਨੀ ‘ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਹਰਮਨਪ੍ਰੀਤ ਕੌਰ ਵਜੋਂ ਹੋਈ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਖੂਨ ਨਾਲ ਲੱਥਪੱਥ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਮਨਦੀਪ ਸਿੰਘ ਅਤੇ ਹਰਮਨਪ੍ਰੀਤ ਕੌਰ ਦਾ ਵਿਆਹ ਕਰੀਬ ਡੇਢ ਦਹਾਕਾ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ।
ਹਰਮਨਪ੍ਰੀਤ ਕੌਰ ਦੇ ਚਾਚੇ ਦੇ ਪੁੱਤਰ ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਮਨਦੀਪ ਸਿੰਘ ਨੇ ਭੈਣ ਹਰਮਨਪ੍ਰੀਤ ਕੌਰ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਹੈ ਪਰ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਹਰਮਨਪ੍ਰੀਤ ਕੌਰ ਦੇ ਭਰਾ ਸਿਕੰਦਰ ਸਿੰਘ ਦੇ ਘਰੇਲੂ ਝਗੜੇ ਬਾਰੇ ਪਤਾ ਲੱਗਾ ਹੈ।ਥਾਣਾ ਕੋਟ ਫੱਤਾ ਦੇ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਹਰਮਨਪ੍ਰੀਤ ਕੌਰ ਦੇ ਪਤੀ ਮਨਦੀਪ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।ਉਸਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।