
ਬਠਿੰਡਾ, 27 ਅਗਸਤ :- (ਸਾਰਾ ਯਹਾਂ/ਸਮਦੀਪ ਬੜੈਚ ਭਾਈ ਬਖਤੌਰ) ਬਠਿੰਡਾ ਦੇ ਬੀਕਾਨੇਰ ਨੈਸ਼ਨਲ ਹਾਈਵੇ ‘ਤੇ ਡੱਬਵਾਲੀ ਕਸਬੇ ਨੇੜੇ ਪਿੰਡ ਪਥਰਾਲਾ ਦੇ ਪੀਆਰਟੀਸੀ ਫਰੀਦਕੋਟ ਡਿਪੂ ਦੀ ਬੱਸ ਪਲਟ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਦੋ ਦਰਜਨ ਦੇ ਕਰੀਬ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਫਰੀਦਕੋਟ ਡਿਪੂ ਦੀ ਇੱਕ ਬੱਸ ਨੰਬਰ ਪੀਬੀ 04ਵੀ 3044 ਹਰਿਆਣਾ ਦੇ ਡੱਬਵਾਲੀ ਤੋਂ ਬਠਿੰਡਾ ਆ ਰਹੀ ਸੀ। ਜਿਉਂ ਹੀ ਇਹ ਬੱਸ ਉਸਾਰੀ ਅਧੀਨ ਬਠਿੰਡਾ-ਬੀਕਾਨੇਰ-ਡੱਬਵਾਲੀ ਕੌਮੀ ਮਾਰਗ ’ਤੇ ਡੱਬਵਾਲੀ ਨੇੜੇ ਪਿੰਡ ਪਥਰਾਲਾ ਕੋਲ ਪੁੱਜੀ ਤਾਂ ਬੇਕਾਬੂ ਹੋ ਕੇ ਪਲਟ ਗਈ।ਇਸ ਹਾਦਸੇ ਵਿੱਚ ਜਸਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਪਿੰਡ ਲੋਹਾਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੌਤ ਹੋ ਗਈ ਅਤੇ ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਡੱਬਵਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
