
30,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ‘ਚ ਕਾਂਗਰਸ ਨੇ ਬਗਾਵਤ ਨੂੰ ਵੇਖਦੇ ਹੋਏ 8 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਰੋਕ ਦਿੱਤਾ ਹੈ। ਇਸ ਕਾਰਨ 4 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਵੀ ਫਸ ਗਈਆਂ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੇ ਹੁਣ ਤੱਕ ਪਟਿਆਲਾ ਸ਼ਹਿਰੀ ਤੇ ਜਲਾਲਾਬਾਦ ਤੋਂ ਉਮੀਦਵਾਰ ਨਹੀਂ ਖੜ੍ਹੇ ਕੀਤੇ। ਇੱਥੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਉਮੀਦਵਾਰ ਹਨ।
ਇਹ ਕਾਂਗਰਸ ਦੀ ਰਣਨੀਤੀ ਹੈ ਜਾਂ ਕਿਸੇ ਦਿੱਗਜ ਜਾਂ ਸੰਸਦ ਮੈਂਬਰ ਨੂੰ ਮੈਦਾਨ ਵਿੱਚ ਉਤਾਰਨ ਦੀ ਤਿਆਰੀ, ਚਰਚਾ ਦਾ ਦੌਰ ਚੱਲ ਰਿਹਾ ਹੈ। ਪੰਜਾਬ ‘ਚ ਨਾਮਜ਼ਦਗੀਆਂ ਲਈ ਸਿਰਫ਼ ਦੋ ਦਿਨ ਬਾਕੀ ਹਨ। ਅਜਿਹੇ ‘ਚ ਟਿਕਟ ਦੇ ਦਾਅਵੇਦਾਰਾਂ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ।
ਕਾਂਗਰਸ ਨੇ ਪਟਿਆਲਾ ਸ਼ਹਿਰੀ, ਅਟਾਰੀ, ਜਲਾਲਾਬਾਦ, ਬਰਨਾਲਾ, ਭਦੌੜ, ਲੁਧਿਆਣਾ ਦੱਖਣੀ, ਖੇਮਕਰਨ ਤੇ ਨਵਾਂਸ਼ਹਿਰ ਦੀਆਂ ਟਿਕਟਾਂ ਦਾ ਐਲਾਨ ਨਹੀਂ ਕੀਤਾ। ਇਨ੍ਹਾਂ ‘ਚ ਅਟਾਰੀ ਤੋਂ ਤਰਸੇਮ ਡੀਸੀ, ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ, ਜਲਾਲਾਬਾਦ ਤੋਂ ਰਮਿੰਦਰ ਆਵਲਾ ਤੇ ਖੇਮਕਰਨ ਤੋਂ ਸੁਖਪਾਲ ਭੁੱਲਰ ਦੀਆਂ ਟਿਕਟਾਂ ਅਟਕੀਆਂ ਹੋਈਆਂ ਹਨ। ਇਹ ਵੀ ਚਰਚਾ ਹੈ ਕਿ ਰਮਿੰਦਰ ਆਵਲਾ ਜਲਾਲਾਬਾਦ ਤੋਂ ਚੋਣ ਨਹੀਂ ਲੜਨਾ ਚਾਹੁੰਦੇ।
ਇਸ ਦੇ ਨਾਲ ਹੀ ਕਾਂਗਰਸ ਦੇ ਦਿੱਗਜ ਆਗੂ ਲਾਲ ਸਿੰਘ ਨੇ ਪਟਿਆਲਾ ‘ਚ ਆਪਣੀ ਦਾਅਵੇਦਾਰੀ ਜਤਾਈ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਡਿੰਪਾ ਆਪਣੇ ਪੁੱਤਰ ਨੂੰ ਚੋਣ ਲੜਾਉਣਾ ਚਾਹੁੰਦੇ ਹਨ। ਇਸ ਨੂੰ ਵੇਖਦੇ ਹੋਏ ਵਿਧਾਇਕ ਸਿੱਕੀ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਹੈ।
ਪੰਜਾਬ ‘ਚ ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ‘ਚ 15 ਸੀਟਾਂ ‘ਤੇ ਬਗਾਵਤ ਹੋ ਗਈ ਹੈ। ਇਨ੍ਹਾਂ ‘ਚ ਸਮਰਾਲਾ ਦੇ ਵਿਧਾਇਕ ਅਮਰੀਕ ਢਿੱਲੋਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਸਾਬਕਾ ਮੰਤਰੀ ਜਗਮੋਹਨ ਕੰਗ ਪੁੱਤਰ ਯਾਦਵਿੰਦਰ ਕੰਗ ਨੂੰ ਖਰੜ ਤੋਂ ਮੈਦਾਨ ਵਿੱਚ ਉਤਾਰ ਰਹੇ ਹਨ। ਬੱਸੀ ਪਠਾਣਾ ਤੋਂ ਸੀਐਮ ਚਰਨਜੀਤ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਮੈਦਾਨ ‘ਚ ਉਤਰੇ ਹਨ। ਆਦਮਪੁਰ ਅਤੇ ਸ੍ਰੀ ਹਰਗੋਬਿੰਦਪੁਰ ‘ਚ ਉਮੀਦਵਾਰ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਸੁਲਤਾਨਪੁਰ ਲੋਧੀ ‘ਚ ਮੰਤਰੀ ਰਾਣਾ ਗੁਰਜੀਤ ਨੇ ਆਪਣੇ ਬੇਟੇ ਰਾਣਾ ਇੰਦਰ ਪ੍ਰਤਾਪ ਨੂੰ ਕਾਂਗਰਸੀ ਉਮੀਦਵਾਰ ਖ਼ਿਲਾਫ਼ ਮੈਦਾਨ ‘ਚ ਉਤਾਰਿਆ ਹੈ।
ਸਿਆਸੀ ਤੌਰ ‘ਤੇ ਇਸ ਨੂੰ ਕਾਂਗਰਸ ਦੀ ਰਣਨੀਤੀ ਮੰਨਿਆ ਜਾ ਰਿਹਾ ਹੈ। ਕਾਂਗਰਸ ਆਖਰੀ ਸਮੇਂ ‘ਤੇ ਫ਼ੈਸਲਾ ਲਵੇਗੀ ਤਾਂ ਜੋ ਬਾਗੀ ਚੋਣਾਂ ਨਾ ਲੜਨ। ਕਾਂਗਰਸ ਦਿੱਗਜਾਂ ਦੇ ਮੁਕਾਬਲੇ ਕਿਸੇ ਵੱਡੇ ਨੇਤਾ ਨੂੰ ਟਿਕਟ ਦੇ ਸਕਦੀ ਹੈ, ਜਿਸ ਦਾ ਨਜ਼ਦੀਕੀ ਚੋਣ ਲੜ ਰਿਹਾ ਹੋਵੇ। ਅਜਿਹੇ ‘ਚ ਵਿਰੋਧ ਹੋ ਸਕਦਾ ਹੈ। ਹੁਣ ਨਾਮਜ਼ਦਗੀਆਂ ਲਈ 31 ਜਨਵਰੀ ਅਤੇ 1 ਫ਼ਰਵਰੀ ਬਾਕੀ ਹੈ। ਅਜਿਹੇ ‘ਚ ਕਾਂਗਰਸ ਆਖਰੀ ਸਮੇਂ ‘ਤੇ ਨਾਮਜ਼ਦਗੀ ਦਾਖਲ ਕਰਕੇ ਬਾਗੀਆਂ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਮੌਕਾ ਨਹੀਂ ਦੇਣਾ ਚਾਹੁੰਦੀ।
