ਸਰਦੂਲਗਡ਼੍ਹ 17,ਮਾਰਚ (ਸਾਰਾ ਯਹਾਂ /ਬਲਜੀਤ ਪਾਲ): ਪਿੰਡ ਫੱਤਾ ਮਾਲੋਕਾ ਦੀ ਸਮੂਹ ਗ੍ਰਾਮ ਪੰਚਾਇਤ ਨੇ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਫੱਤਾ ਮਾਲੋਕਾ ਦੀ ਅਗਵਾਹੀ ਵਿਚ ਪੰਚਾਇਤ ਵਿਭਾਗ ਤੇ ਗ੍ਰਾਮ ਪੰਚਾਇਤ ਫੱਤਾ ਮਾਲੋਕਾ ਦਾ ਪੰਚਾਇਤੀ ਰਿਕਾਰਡ ਗਾਇਬ ਕਰਨ ਦੇ ਦੋਸ਼ ਲਗਾਏ ਹਨ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਦਾ ਪੰਚਾਇਤੀ ਰਿਕਾਰਡ ਪਿੰਡ ਦੇ ਸੈਕਟਰੀ ਗੁਰਮੇਲ ਸਿੰਘ ਲੈ ਗਏ ਸਨ ਪਰ ਉਨ੍ਹਾਂ ਦੀ ਬਦਲੀ ਹੋਣ ਤੋਂ ਬਾਅਦ ਨਵੇਂ ਆਏ ਸੈਕਟਰੀ ਸ਼ਾਮ ਸੁੰਦਰ ਨੇ ਗੁਰਮੇਲ ਸਿੰਘ ਸੈਕਟਰੀ ਤੋਂ ਪਿੰਡ ਦਾ ਰਿਕਾਰਡ ਲੈ ਲਿਆ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਨੂੰ ਪਿੰਡ ਦਾ ਪੰਚਾਇਤੀ ਰਿਕਾਰਡ ਨਹੀਂ ਮਿਲਿਆ। ਜਿਸ ਕਾਰਨ ਪਿੰਡ ਵਿੱਚ ਹੋਣ ਵਾਲੇ ਵਿਕਾਸ ਕਾਰਜ ਪ੍ਰਭਾਵਤ ਹੋ ਰਹੇ ਹਨ। ਪਿੰਡ ਦਾ ਪੰਚਾਇਤੀ ਰਿਕਾਰਡ ਨਾ ਮਿਲਣ ਦੀ ਲਿਖਤੀ ਸਿਕਾਇਤ ਡਿਪਟੀ ਕਮਿਸ਼ਨਰ ਮਾਨਸਾ ਅਤੇ ਡੀਡੀਪੀਓ ਦਫਤਰ ਮਾਨਸਾ ਅਤੇ ਬੀਡੀਪੀਓ ਦਫ਼ਤਰ ਸਰਦੂਲਗਡ਼੍ਹ ਨੂੰ ਵੀ ਕਰ ਚੁੱਕੇ ਹਨ ਅਤੇ ਦਫਤਰਾਂ ਦੇ ਕਈ ਗੇੜੇ ਵੀ ਕੱਢ ਚੁੱਕੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਪੰਚਾਇਤੀ ਰਿਕਾਰਡ ਨਹੀਂ ਦਿੱਤਾ ਗਿਆ। ਉਨ੍ਹਾਂ ਸ਼ੰਕਾ ਜ਼ਾਹਿਰ ਕੀਤੀ ਕਿ ਪਿੰਡ ਦੇ ਪੰਚਾਇਤੀ ਰਿਕਾਰਡ ਇਸ ਤਰ੍ਹਾਂ ਲਾਪਤਾ ਹੋਣਾ ਸ਼ੱਕ ਦੇ ਘੇਰੇ ਵਿੱਚ ਹੈ। ਇਸ ਤਰ੍ਹਾਂ ਪੰਚਾਇਤੀ ਰਿਕਾਰਡ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਕੀਤੀ ਜਾ ਸਕਦੀ ਹੈ।ਉਨ੍ਹਾਂ ਸੂਬਾ ਸਰਕਾਰ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪਿੰਡ ਦਾ ਪੰਚਾਇਤੀ ਰਿਕਾਰਡ ਵਾਪਸ ਕਰਵਾਇਆ ਜਾਵੇ ਤੇ ਰਿਕਾਰਡ ਨੂੰ ਲਾਪਤਾ ਕਰਨ ਚ ਅਣਗਹਿਲੀ ਵਰਤਣ ਵਾਲੇ ਸਬੰਧਤ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤੀ ਰਿਕਾਰਡ ਜਲਦੀ ਵਾਪਸ ਨਹੀਂ ਕਰਵਾਇਆ ਜਾਂਦਾ ਤਾਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਸੈਕਟਰੀ ਸ਼ਾਮ ਸੁੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿੰਡ ਦਾ ਪੰਚਾਇਤੀ ਰਿਕਾਰਡ ਡੀਡੀਪੀਓ ਮਾਨਸਾ ਜਮ੍ਹਾ ਕਰਵਾ ਦਿੱਤਾ ਗਿਆ ਸੀ ਜਿਸ ਦੀ ਉਨ੍ਹਾਂ ਕੋਲ ਪੁਖਤਾ ਰਸੀਦ ਹੈ । ਜਦੋਂ ਇਸ ਸੰਬੰਧੀ ਡੀਡੀਪੀਓ ਮਾਨਸਾ ਨਵਨੀਤ ਨਵਨੀਤ ਜੋਸ਼ੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਪਤਾ ਕਰ ਲੈਂਦੇ ਹਨ ਹੋ ਸਕਦਾ ਹੈ ਕਿ ਰਿਕਾਰਡ ਚੈੱਕ ਕਰਵਾਉਣ ਲਈ ਦਫਤਰ ਮੰਗਵਾਇਆ ਹੋਵੇ। ਉਹ ਦਫ਼ਤਰ ਚੋਂ ਜਾਣਕਾਰੀ ਲੈ ਕੇ ਹੀ ਦੱਸ ਸਕਦੇ ਹਨ।